ਔਰਤਾਂ ਘਰੇਲੂ ਹਿੰਸਾ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਬਾਰੇ ਸਖੀ ਵਨ ਸਟਾਪ ਸੈਂਟਰ ਚ ਕਰਨ ਸੰਪਰਕ- ਨਜ਼ੀਰ ਮੁਹੰਮਦ
ਮਾਲੇਰਕੋਟਲਾ : ਡਿਪਟੀ ਕਮਿਸ਼ਨਰ ਡਾ. ਪੱਲਵੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਔਰਤਾਂ ਤੇ ਕੇਂਦਰਿਤ ਮੁੱਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ ਹਬ ਫਾਰ ਇੰਮਪਾਵਰਮੈਂਟ ਆਫ ਵੂਮੈਨ ਦੇ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵਲੋਂ 04 ਅਕਤੂਬਰ ਤੱਕ ਚੱਲਣ ਵਾਲੇ ਵਿਸ਼ੇਸ ਜਾਗਰੂਕਤਾ ਅਭਿਆਨ "ਮਿਸ਼ਨ ਸੰਕਲਪ" ਦੀ ਸੁਰੂਆਤ ਕੀਤੀ ਗਈ ਹੈ । ਇਸ ਵਿਸ਼ੇਸ ਜਾਗਰੂਕਤਾ ਅਭਿਆਨ ਦੇ ਤੀਜੇ ਹਫਤੇ ਦੀ ਸਮਾਪਤੀ ਮੌਕੇ ਸਥਾਨਕ ਸਿਵਲ ਹਸਪਤਾਲ ਵਿਖੇ ਸਥਾਪਿਤ ਸਖੀ-ਵਨ ਸਟਾਪ ਸੈਂਟਰ ਅਤੇ ਜਿਲਾ ਹਬ ਫਾਰ ਇੰਮਪਾਵਰਮੈਂਟ ਆਫ ਵੂਮੈਨ ਵਿਖੇ "ਮਿਸ਼ਨ ਸੰਕਲਪ" ਅਧੀਨ ਔਰਤਾਂ ਦੇ ਵੱਖ ਵੱਖ ਅਧਿਕਾਰਾਂ ਅਤੇ ਸਰਕਾਰ ਵਲੋਂ ਔਰਤਾਂ ਦੀ ਭਲਾਈ ਲਈ ਚਲਾਈਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ । ਇਸ ਗੱਲ ਦੀ ਜਾਣਕਾਰੀ ਸੈਂਟਰ ਪ੍ਰਬੰਧਕ ਸਖੀ ਵਨ ਸਟਾਪ ਸੈਂਟਰ ਨਜ਼ੀਰ ਮੁਹੰਮਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ ਜਾਗਰੂਕਤਾ ਕੈਂਪ ਦੌਰਾਨ ਬੇਟੀ ਬਚਾਓ, ਬੇਟੀ ਪੜਾਓ, ਸਖੀ-ਵਨ ਸਟੋਪ ਸੈਂਟਰ, ਪ੍ਰਧਾਨ ਮੰਤਰੀ ਮਾਤੁਰ ਬੰਧਨ ਯੋਜਨਾ, ਫਰੀ ਕਾਨੂੰਨੀ ਸਹਾਇਤਾ, ਵੂਮੈਨ ਹੈਲਪਲਾਈਨ ਨੰਬਰ 181 ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਨਜ਼ੀਰ ਮੁਹੰਮਦ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ ਘਰੇਲੂ ਹਿੰਸਾ ਜਾਂ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਪੀੜ੍ਹਤ ਔਰਤਾਂ ਸਖੀ ਵਨ ਸਟਾਪ ਸੈਂਟਰ ਵਿਖੇ ਸੰਪਰਕ ਕਰ ਸਕਦੀਆਂ ਹਨ ਕਿਉਂਕਿ ਜ਼ਿਲ੍ਹੇ 'ਚ ਸੈਂਟਰ ਔਰਤਾਂ ਨੂੰ ਆਪਣੇ ਉਪਰ ਹੋਏ ਸ਼ੋਸ਼ਣ ਬਾਰੇ ਆਵਾਜ਼ ਬੁਲੰਦ ਕਰਨ,ਔਰਤਾਂ ਦੇ ਅਧਿਕਾਰਾਂ ਅਤੇ ਹੱਕਾਂ ਆਦਿ ਸਬੰਧੀ ਜਾਗਰੂਕ ਕਰਨ ਵਾਸਤੇ ਸਥਾਪਤ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਘਰੇਲੂ ਹਿੰਸਾ ਅਤੇ ਉਨ੍ਹਾਂ ਨਾਲ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਸੋਸ਼ਣ ਜਿਵੇ ਕਿ ਜਬਰ ਜਨਾਹ, ਕੁੱਟਮਾਰ, ਛੇੜ-ਛਾੜ, ਦੁਰਵਿਵਹਾਰ, ਮਾਨਸਿਕ ਪਰੇਸ਼ਾਨੀ ਅਤੇ ਕੰਮ-ਕਾਜ ਵਾਲੀ ਥਾਂ ਤੇ ਹੋ ਰਹੇ ਸ਼ੋਸ਼ਣ ਸਬੰਧੀ ਜਾਗਰੂਕ ਕਰਨ ਲਈ ਸਖੀ ਵਨ ਸਟਾਪ ਸੈਂਟਰ ਵੱਲੋਂ ਲਗਾਤਾਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਦੀਆਂ ਔਰਤਾਂ ਨੂੰ ਜਾਗਰੂਕ ਕੀਤਾ ਜਾ ਸਕੇ । ਉਨ੍ਹਾਂ ਇਸ ਮੌਕੇ ਸਖੀ ਵਨ ਸਟਾਪ ਸੈਂਟਰ ਦੀਆਂ ਸੇਵਾਵਾਂ ਜਿਵੇਂ ਕਿ ਸਾਇਕੋ ਸੋਸ਼ਲ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ, ਅਸਥਾਈ ਆਸਰਾ 5 ਦਿਨਾਂ ਲਈ (ਔਰਤ ਸਮੇਤ ਲੜਕਾ 8 ਸਾਲ ਤੱਕ ਦਾ, ਲੜਕੀ ਕਿਸੇ ਵੀ ਉਮਰ ਦੀ), ਪੁਲਿਸ ਸਹਾਇਤਾ ਅਤੇ ਮੈਡੀਕਲ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਰਚੇ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਟੈਲੀਫੋਨ ਨੰਬਰ 88724-71100 ਤੋਂ ਇਲਾਵਾ ਐਮਰਜੈਂਸੀ ਹੈਲਪ ਲਾਈਨ ਨੰ. 112 ਅਤੇ ਵੂਮੈਨ ਹੈਲਪ ਲਾਈਨ ਨੰ. 181 ਤੇ ਹੋ ਰਹੀ ਹਿੰਸਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਤੇ ਸ਼ਿਕਾਇਤਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫਤਰ ਸਮਾਜਿਕ ਸਰੁੱਖਿਆਂ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਖੀ ਵਨ ਸਟਾਪ ਸੈਂਟਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।