ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਖ਼ਿਲਾਫ਼ ਐਸ ਸੀ ਐਸ ਟੀ ਐਕਟ ਅਤੇ ਜਗਤਾਰ ਸਿੰਘ ਲੱਡੀ ਖ਼ਿਲਾਫ਼ ਦਰਜ਼ ਕੀਤੇ ਕਥਿਤ ਝੂਠੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਉਕਤ ਮਾਮਲੇ ਰੱਦ ਨਾ ਕੀਤੇ ਤਾਂ ਜਥੇਬੰਦੀ 11 ਜੁਲਾਈ ਤੋਂ ਚਾਰ ਮੌਜੂਦਾ ਮੰਤਰੀਆਂ ਅਤੇ ਇੱਕ ਐਮ ਪੀ ਦੇ ਘਰਾਂ ਅੱਗੇ ਪੱਕੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕਰੇਗੀ। ਐਤਵਾਰ ਨੂੰ ਸੁਨਾਮ ਨੇੜਲੇ ਪਿੰਡ ਛਾਜਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕਿਸਾਨ ਆਗੂਆਂ ਮਨਜੀਤ ਸਿੰਘ ਘਰਾਚੋਂ ਖ਼ਿਲਾਫ਼ ਪੁਲਿਸ ਨੇ ਸਰਕਾਰੀ ਸ਼ਹਿ ਨਾਲ਼ ਜਾਤੀਗਤ ਉਤਪੀੜਨ ਦੀ ਗਲਤ ਰੰਗਤ ਦੇਣ ਅਤੇ ਜਗਤਾਰ ਲੱਡੀ ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ ਅਜਿਹੇ ਵਰਤਾਰੇ ਨੂੰ ਜਥੇਬੰਦੀ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਘਰਾਚੋਂ ਖ਼ਿਲਾਫ਼ ਐਸ ਸੀ ਐਸ ਟੀ ਐਕਟ ਹਟਾਉਣ ਦੀਆਂ ਮੰਗਾਂ ਬਾਰੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਦੁਆਰਾ ਕੀਤੇ ਵਾਅਦੇ 7 ਜੁਲਾਈ ਤੱਕ ਪੂਰੇ ਨਾ ਕਰਨ ਦੀ ਸੂਰਤ ਵਿੱਚ 11 ਜੁਲਾਈ ਤੋਂ ਆਪ ਸਰਕਾਰ ਦੇ ਚਾਰ ਮੰਤਰੀਆਂ ਹਰਪਾਲ ਸਿੰਘ ਚੀਮਾ,ਅਮਨ ਅਰੋੜਾ,ਬਲਵੀਰ ਸਿੰਘ ਪਟਿਆਲਾ,ਗੁਰਮੀਤ ਸਿੰਘ ਖੁਡੀਆਂ ਅਤੇ ਇੱਕ ਐਮ ਪੀ ਮੀਤ ਹੇਅਰ ਦੇ ਘਰਾਂ ਅੱਗੇ ਅਣਮਿੱਥੇ ਸਮੇਂ ਦੇ ਮੋਰਚੇ ਲਾਏ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਮੰਤਰੀਆਂ ਦੇ ਘਰਾਂ ਅੱਗੇ ਲਾਉਣ ਵਾਲੇ ਧਰਨਿਆਂ ਦੀ ਲਾਮਬੰਦੀ ਲਈ ਬਲਾਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕਿਸਾਨ ਆਗੂਆ ਵੱਲੋਂ ਕਥਿਤ ਤੌਰ ਤੇ ਦੋਸ਼ ਲਾਇਆ ਗਿਆ ਕਿ ਮਨਜੀਤ ਸਿੰਘ ਘਰਾਚੋਂ ਦੇ ਮਾਮਲੇ ’ਚ ਪੁਲਿਸ ਵੱਲੋਂ ਬਦਲਾ ਲਊ ਕਾਰਵਾਈ ਕਰਾਰ ਦਿੱਤਾ ਹੈ। ਮੁਕੱਦਮੇ ਦੀ ਤਫਤੀਸ਼ ਸਹੀ ਤਰੀਕੇ ਨਾਲ ਨਾ ਕਰਨ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਸਹੀ ਤੱਥਾਂ ਨੂੰ ਰਿਕਾਰਡ ਚ ਨਾ ਲੈਕੇ ਆਉਣ ਦੀ ਕਾਰਵਾਈ ਬਦਲਾ ਲਊ ਭਾਵਨਾ ਤਹਿਤ ਕੀਤੀ ਗਈ ਹੈ। ਇਸ ਮੌਕੇ ਜਿਲਾ ਆਗੂ ਬਹਾਲ ਸਿੰਘ ਢੀਡਸਾ, ਬਹਾਦਰ ਸਿੰਘ ਭੁਟਾਲ, ਸੁਖਪਾਲ ਸਿੰਘ ਮਾਣਕ, ਦਰਸ਼ਨ ਸਿੰਘ ਚੰਗਾਲੀ ਵਾਲਾ, ਸੁਖਦੇਵ ਸਿੰਘ ਕੜੈਲ, ਧਰਮਿੰਦਰ ਸਿੰਘ ਪਿਸ਼ੌਰ, ਜਸਵੰਤ ਸਿੰਘ ਤੋਲਾਵਾਲ, ਅਜੈਬ ਸਿੰਘ ਲੱਖੇਵਾਲ, ਹਰਪਾਲ ਸਿੰਘ ਪੇਧਨੀ, ਭਰਪੂਰ ਸਿੰਘ, ਰਣਜੀਤ ਸਿੰਘ ਲੋਗੋਂਵਾਲ ਸਮੇਤ ਹੋਰ ਵੀ ਆਗੂ ਆਗੂ ਸ਼ਾਮਿਲ ਹੋਏ