ਸੁਨਾਮ : ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਦੀ ਮਹੀਨਾਵਾਰ ਜਨਰਲ ਕੌਂਸਲ ਮੀਟਿੰਗ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫਤਰ ਸੁਨਾਮ ਵਿਖੇ ਹੋਈ। ਮੀਟਿੰਗ ਵਿੱਚ ਹਰਮੇਲ ਸਿੰਘ ਮਹਿਰੋਕ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਸੁਰਿੰਦਰ ਸਿੰਘ ਸੁਨਾਮ, ਜਗਦੇਵ ਸਿੰਘ ਬਾਹੀਆ ਅਤੇ ਹਰਮੇਲ ਸਿੰਘ ਮਹਿਰੋਕ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬੇਲੋੜੇ ਇਤਰਾਜ਼ ਲਾਕੇ ਅਣਗੌਲਿਆਂ ਕਰ ਰਹੀ ਹੈ, ਅਜਿਹੇ ਵਰਤਾਰੇ ਕਾਰਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਮਨਾਂ ਅੰਦਰ ਮੈਨੇਜਮੈਂਟ ਖ਼ਿਲਾਫ਼ ਰੋਸ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮੈਨੇਜਮੈਂਟ ਨਾਲ ਹੋ ਰਹੀਆਂ ਮੀਟਿੰਗਾਂ ਬੇਸਿੱਟਾ ਸਿੱਧ ਹੋ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਪੂਰੀਆਂ ਕਰਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਲਈ ਤਿਆਰ ਰਹਿਣਾ ਪਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਜੋ ਕਿ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਤੇ ਚੱਲ ਰਹੀ ਹੈ ਇਸ ਦਾ ਵੀ ਤਿੱਖਾ ਵਿਰੋਧ ਕੀਤਾ ਜਾਏਗਾ। ਪੈਨਸ਼ਨਰ ਆਗੂ ਸੁਰਿੰਦਰ ਸਿੰਘ ਨੇ ਨਵੇਂ ਸਰਕੂਲਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਸਰਕੂਲਰ ਤਹਿਤ ਜਿਨਾਂ ਕਰਮਚਾਰੀਆਂ ਦੇ ਕੇਸ ਵਿਚਾਰਨ ਯੋਗ ਬਣਦੇ ਹਨ ਉਹਨਾਂ ਦੀ ਲਿਸਟ ਤਿਆਰ ਕੀਤੀ ਗਈ। ਇਸ ਤੋਂ ਇਲਾਵਾ ਸਰਕਲ ਪ੍ਰਧਾਨ ਹਰਮੇਲ ਸਿੰਘ, ਗਮਦੂਰ ਸਿੰਘ ਜਵੰਧਾ, ਪ੍ਰਿਤਪਾਲ ਸਿੰਘ, ਤਜਿੰਦਰ ਸਿੰਘ, ਅਤੇ ਦਰਸ਼ਨ ਸਿੰਘ ਮੀਟਰ ਇੰਸਪੈਕਟਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਿਆਂਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿੰਦਾ ਕੀਤੀ ਗਈ।