ਸੁਨਾਮ : ਸੂਬਾ ਸਰਕਾਰ ਵੱਲੋਂ ਲੋਕਾਂ ਦੀ ਖੱਜਲ ਖੁਆਰ ਰੋਕਣ ਲਈ ਪਿੰਡਾਂ ਵਿੱਚ ਜਾਕੇ ਲਾਏ ਜਾ ਰਹੇ ਲੋਕ ਸੁਵਿਧਾ ਕੈਂਪਾਂ ਵਿੱਚ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ। ਵੀਰਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਢੱਡਰੀਆਂ ਵਿਖੇ ਲੱਗੇ ਲੋਕ ਸੁਵਿਧਾ ਕੈਂਪ ਦੌਰਾਨ ਵੱਡੀ ਗਿਣਤੀ ਨਾਗਰਿਕਾਂ ਨੇ ਸਰਕਾਰੀ ਸਕੀਮਾਂ ਦਾ ਲਾਹਾ ਲਿਆ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਰਖ਼ਾਸਤਾਂ ਦਿੱਤੀਆਂ। ਕੈਂਪ ਦਾ ਜਾਇਜ਼ਾ ਲੈਣ ਪਹੁੰਚੇ ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਕੈਂਪ ਦੌਰਾਨ ਮਾਲ ਵਿਭਾਗ ਨਾਲ ਸਬੰਧਤ ਇੰਤਕਾਲ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਵਿਭਾਗ ਨਾਲ ਸਬੰਧਤ ਕੰਮਾਂ ਦੀਆਂ ਸੁਵਿਧਾਵਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੇਵਾ ਕੇਂਦਰ ਨਾਲ ਸਬੰਧਤ ਰੈਜੀਡੈਂਸ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਜਨਮ ਸਰਟੀਫਿਕੇਟ, ਜਨਮ ਸਰਟੀਫਿਕੇਟ ਸਬੰਧੀ/ਜਨਮ ਸਰਟੀਫਿਕੇਟ ਵਿੱਚ ਨਾਮ ਦਾਖਲ ਕਰਵਾਉਣ ਸਬੰਧੀ, ਸ਼ਹਿਰੀ ਖੇਤਰ ਨਾਲ ਸੰਬੰਧਿਤ ਜਨਮ ਸਰਟੀਫਿਕੇਟ ਵਿੱਚ ਕੋਈ ਬਦਲਾਅ ਸਬੰਧੀ ਅਤੇ ਪੁਰਾਣੇ ਦਸਤਾਵੇਜਾਂ ਨੂੰ ਤਸਦੀਕ ਕਰਵਾਉਣ ਸਬੰਧੀ ਸੇਵਾਵਾਂ ਵੀ ਮੌਕੇ ‘ਤੇ ਹੀ ਮੁਹੱਈਆ ਕਰਵਾਈਆਂ ਗਈਆਂ| ਐਸ.ਡੀ.ਐਮ ਨੇ ਦੱਸਿਆ ਕਿ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ, ਲੀਡ ਬੈਂਕ ਮੈਨੇਜਰ, ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਕੋਆਪਰੇਟਿਵ ਸੋਸਾਇਟੀ, ਉਦਯੋਗ ਕੇਂਦਰ, ਸਕਿਲ ਡਿਵੈਲਪਮੈਂਟ, ਰੋਜ਼ਗਾਰ ਵਿਭਾਗ ਆਦਿ ਦੇ ਅਧਿਕਾਰੀਆਂ ਵੱਲੋਂ ਆਪੋ-ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਯੋਗ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਵੀ ਮੁਹੱਈਆ ਕਰਵਾਇਆ।