ਮਾਲੇਰਕੋਟਲਾ : ਸ਼ਹਿਰ ਦੀ ਨਾਮਵਰ ਸਮਾਜ ਸੇਵੀ ਤੇ ਵਾਤਾਵਰਣ ਰੱਖਿਅਕ ਸੰਸਥਾ ਅਮਿਟੀ ਸੈਲਫ ਵੈਲਫੇਅਰ ਸੁਸਾਇਟੀ (ਰਜਿ.) ਮਾਲੇਰਕੋਟਲਾ ਵੱਲੋਂ ਸਥਾਨਕ ਸਰਕਾਰੀ ਕਾਲਜ ਵਿਖੇ ਨਵੇਂ ਪੌਦੇ ਲਗਾਏ ਗਏ। ਨਵੇਂ ਪੌਦੇ ਲਗਾਉਣ ਦੇ ਨਾਲ-ਨਾਲ ਸੋਸਾਇਟੀ ਵੱਲੋਂ ਪਹਿਲਾਂ ਤੋਂ ਲਗਾਏ ਗਏ ਪੌਦਿਆਂ ਦੀ ਦੇਖ ਭਾਲ ਵੀ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਡਾ.ਮੁਹੰਮਦ ਸ਼ਫੀਕ ਥਿੰਦ ਨੇ ਦੱਸਿਆ ਕਿ ਜਦੋਂ ਕਿਸੇ ਵੀ ਦੇਸ਼ 'ਚ ਉਦਯੋਗਿਕ ਤਰੱਕੀ ਹੁੰਦੀ ਹੈ ਤਾਂ ਉਸ ਨਾਲ ਉਥੋਂ ਦਾ ਵਾਤਾਵਰਣ ਵੀ ਪ੍ਰਦੂਸ਼ਤਿ ਹੁੰਦਾ ਹੈ। ਅੱਜ ਸਾਡਾ ਵਾਤਾਵਰਣ ਇੰਨਾ ਦੂਸ਼ਤਿ ਹੋ ਚੁੱਕਾ ਹੈ ਕਿ ਸਾਨੂੰ ਸਾਹ ਲੈਣ ਲਈ ਵੀ ਸਾਫ਼ ਹਵਾ ਨਹੀਂ ਮਿਲ ਰਹੀ ਅਤੇ ਗਰਮੀ ਵੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਵਾ ਨੂੰ ਸਾਫ਼ ਕਰਨ ਲਈ ਅਤੇ ਵਾਤਾਵਰਨ ਨੂੰ ਠੰਡਾ ਰੱਖਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਹੀ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਅਤੇ ਠੰਡਾ ਰੱਖ ਸਕਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਜਾਂ ਆਲੇ ਦੁਆਲੇ ਇੱਕ-ਇੱਕ ਪੌਦਾ ਲਗਾਉਣ ਅਤੇ ਉਸਦੀ ਦੇਖ ਭਾਲ ਕਰਨ ਲਈ ਪ੍ਰੇਰਿਤ ਵੀ ਕੀਤਾ।
ਸੋਸਾਇਟੀ ਦੇ ਸਕੱਤਰ ਮੁਹੰਮਦ ਕਾਸਿਮ (ਰਿਸਰਚ ਸਕਾਲਰ, ਪੰਜਾਬੀ ਯੂਨਿਵਰਸਿਟੀ) ਨੇ ਦੱਸਿਆ ਕਿ ਰੁੱਖਾਂ ਦੀ ਹੋ ਰਹੀ ਅੰਧਾ ਧੁੰਦ ਕਟਾਈ ਅਤੇ ਜਲਵਾਯੂ ਪਰਿਵਰਤਨ ਗਰਮੀ ਵਧਣ ਦੇ ਮੁੱਖ ਕਾਰਨ ਹਨ। ਜਲਵਾਯੂ ਪਰਿਵਰਤਨ ਤੋਂ ਭਾਵ ਤਾਪਮਾਨ ਅਤੇ ਮੌਸਮ ਦੇ ਪੈਟਰਨਾਂ 'ਚ ਲੰਬੇ ਸਮੇਂ ਦੇ ਬਦਲਾਅ ਤੋਂ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਠੋਸ ਕਦਮ ਨਾ ਚੁੱਕੇ ਗਏ ਤਾਂ ਭਵਿੱਖ 'ਚ ਗਰਮੀ ਹੋਰ ਵੀ ਵੱਧ ਹੋਵੇਗੀ। ਜਿਸਦਾ ਅਸਰ ਨਾ ਕੇਵਲ ਮਨੁੱਖੀ ਸਿਹਤ ਉੱਤੇ ਸਗੋਂ ਗਲੇਸ਼ੀਅਰ ਪਿਘਲਣ, ਹੜ੍ਹਾਂ ਦਾ ਜਿਆਦਾ ਆਉਣਾ, ਅਤੇ ਫਸਲਾਂ ਦੀ ਪੈਦਾਵਾਰ ਤੇ ਵੀ ਪਵੇਗਾ। ਇਸ ਮੌਕੇ ਸੋਸਾਇਟੀ ਮੈਂਬਰਜ਼ ਪ੍ਰੋ.ਇਕਰਾਮ ਉਰ ਰਹਿਮਾਨ, ਕ੍ਰਿਕਟ ਪ੍ਰੇਮੀ ਅਤੇ ਸਮਾਜ ਸੇਵਕ ਮਹਿਮੂਦ ਚੌਹਾਨ, ਮਾਸਟਰ ਸ਼ੁਐਬ ਮਜੀਦ, ਮਾਸਟਰ ਮੁਹੰਮਦ ਸ਼ਹਿਜ਼ਾਦ, ਮਾਸਟਰ ਮੁਹੰਮਦ ਮੁਨੀਰ, ਸਿੰਗਰ ਸ਼ਹਿਬਾਜ਼ ਹੁਸੈਨ, ਮੁਹੰਮਦ ਰਿਜ਼ਵਾਨ ਆਦਿ ਹਾਜ਼ਰ ਸਨ।