ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਨਾਲ ਸਬੰਧਿਤ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਦੇ ਪਤੀ ਸੀਨੀਅਰ ਆਗੂ ਹਰਮਨਦੇਵ ਸਿੰਘ ਬਾਜਵਾ ਨੇ ਕੇਂਦਰੀ ਰੇਲਵੇ ਅਤੇ ਫ਼ੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਨਾਲ ਜੁੜੇ ਰੇਲਵੇ ਵਿਭਾਗ ਦੇ ਕੁੱਝ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਕੋਵਿਡ-19 ਸਮੇਂ ਦੌਰਾਨ ਬਹੁਤ ਟਰੇਨਾਂ ਅਜਿਹੀਆਂ ਹਨ ਜਿਨ੍ਹਾਂ ਦਾ ਸ਼ਹਿਰ ਸੁਨਾਮ ਦੇ ਰੇਲਵੇ ਸਟੇਸ਼ਨ ਤੇ ਠਹਿਰਾਓ ਬੰਦ ਕਰ ਦਿੱਤਾ ਸੀ, ਅੱਜ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿਖੇ ਮਿਲਕੇ ਟਰੇਨਾਂ ਦਾ ਇੱਕ ਚਾਰਟ ਬਣਾਕੇ ਮੰਗ ਪੱਤਰ ਰਾਹੀਂ ਕੋਵਿਡ-19 ਸਮੇਂ ਬੰਦ ਕੀਤੀ ਰੇਲ ਸੇਵਾ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਬੇਨਤੀ ਕੀਤੀ।ਹਰਮਨਦੇਵ ਬਾਜਵਾ ਨੇ ਦੱਸਿਆ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਸ਼ਵਾਸ ਦਿਵਾਇਆ ਕਿ ਕੋਵਿਡ-19 ਤੋਂ ਪਹਿਲਾਂ ਵਾਲੀਆਂ ਸਾਰੀਆਂ ਟਰੇਨਾਂ ਦੇ ਠਹਿਰਾਓ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰੀਕੇ ਹੀ ਲਾਗੂ ਕੀਤੇ ਜਾਣਗੇ । ਭਾਜਪਾ ਆਗੂ ਬਾਜਵਾ ਨੇ ਆਖਿਆ ਕਿ ਟਰੇਨਾਂ ਦਾ ਠਹਿਰਾਓ ਨਾ ਹੋਣ ਕਰਕੇ ਵਪਾਰੀ ਵਰਗ, ਵਿਦਿਆਰਥੀ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਖਾਸ ਕਰਕੇ ਇਲਾਕੇ ਦੇ ਕੱਪੜਾ ਵਪਾਰੀਆਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਤੋਂ ਇਲਾਵਾ ਰੇਲਵੇ ਨਾਲ ਜੁੜੇ ਹੋਏ ਸੁਨਾਮ ਸ਼ਹਿਰ ਦੇ ਇੱਕ-ਦੋ ਹੋਰ ਅਹਿਮ ਮੁੱਦਿਆਂ ਤੇ ਵੀ ਹਰਮਨਦੇਵ ਬਾਜਵਾ ਨੇ ਮੰਤਰੀ ਨਾਲ ਖੁੱਲ ਕੇ ਚਰਚਾ ਕੀਤੀ ਜਿਸ ਵਿੱਚ ਇੰਦਰਾ ਬਸਤੀ ਵਾਲੀ ਸਾਈਡ ਤੋਂ ਫਾਟਕਾਂ ਹੇਠੋਂ ਦੀ ਲੰਘਣ ਵਾਲੇ ਅੰਡਰ ਬ੍ਰਿਜ ਦੇ ਮਸਲੇ ਅਤੇ ਰੇਲਵੇ ਸਟੇਸ਼ਨ ਤੇ ਬਣਨ ਵਾਲੇ ਫੁੱਟ ਓਵਰ ਬ੍ਰਿਜ ਦੇ ਪ੍ਰੋਜੈਕਟ ਬਾਰੇ ਵੀ ਗੱਲਬਾਤ ਕੀਤੀ।ਹਰਮਨਦੇਵ ਬਾਜਵਾ ਨੇ ਅੰਡਰ ਬਰਿੱਜ ਨਾਲ ਜੁੜੇ ਹੋਏ ਪਾਣੀ ਦੀ ਨਿਕਾਸੀ ਨੂੰ ਲੈਕੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਬਾਰੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਣੂੰ ਕਰਵਾਇਆ। ਹਰਮਨਦੇਵ ਬਾਜਵਾ ਨੇ ਦੱਸਿਆ ਕਿ ਮੰਤਰੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਨਾਲ ਜੁੜੇ ਮਸਲਿਆਂ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ।