ਸੁਨਾਮ : ਸਾਹਿਤ ਸਭਾ ਸੁਨਾਮ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਵਨ ਕੁਮਾਰ ਹੋਸੀ ਤੇ ਜਸਵੰਤ ਸਿੰਘ ਅਸਮਾਨੀ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਮੈਡਮ ਸ਼ਸ਼ੀ ਲਤਾ ਦੀ ਵੱਡੀ ਭੈਣ ਪ੍ਰਿੰਸੀਪਲ ਕਾਂਤਾ ਸ਼ਰਮਾ ਵੱਲੋਂ ਲਿਖੀ ਪੁਸਤਕ "ਯਾਦਾਂ ਭਰੀ ਚੰਗੇਰ" 'ਤੇ ਵਿਚਾਰ ਚਰਚਾ ਕੀਤੀ ਗਈ। ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਕਾਂਤਾ ਸ਼ਰਮਾ ਦੀ ਇਹ ਪਲੇਠੀ ਪੁਸਤਕ ਹੈ। ਇਸ ਵਿੱਚ ਲੇਖਿਕਾ ਨੇ ਆਪਣੀ ਜ਼ਿੰਦਗੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਦਾ ਲੇਖਾ ਜੋਖਾ ਕਰਦਿਆਂ ਆਪਣੇ ਪ੍ਰੋੜ ਅਨੁਭਵ ਦਾ ਉਹ ਨਿਚੋੜ ਪੇਸ਼ ਕੀਤਾ ਹੈ ਜੋ ਜ਼ਿੰਦਗੀ ਨੂੰ ਜਾਨਣ ਅਤੇ ਮਾਨਣ ਦਾ ਬੋਧ ਪ੍ਰਦਾਨ ਕਰਦਾ ਹੈ। ਅਜਿਹਾ ਪ੍ਰੋੜ ਗਿਆਨ ਹੀ ਸਮਾਜਿਕ ਸੋਚ ਨੂੰ ਸੁਰ ਤਾਲ ਵਿੱਚ ਰੱਖਦਾ ਹੈ। ਮਾਸਟਰ ਦਲਬਾਰ ਸਿੰਘ ਨੇ ਕਿਹਾ ਕਿ ਅਧਿਆਪਨ ਕਾਰਜ ਦੇ ਨਾਲ ਨਾਲ ਮੈਡਮ ਕਾਂਤਾ ਸ਼ਰਮਾ ਦੀ ਪੰਜਾਬੀ ਸਾਹਿਤ ਲਈ ਇਹ ਵਡਮੁੱਲੀ ਦੇਣ ਹੈ। ਸਾਹਿਤ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਵੱਲੋਂ ਮੈਡਮ ਕਾਂਤਾ ਸ਼ਰਮਾ ਨੂੰ ਇੱਕ ਵਧੀਆ ਪੁਸਤਕ ਲਿਖਣ ਲਈ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਾਰੀ ਉਮਰ ਮੁਲਾਜ਼ਮ ਹੱਕਾਂ ਲਈ ਸੰਘਰਸ਼ ਕਰਨ ਵਾਲੇ ਸਵਰਗੀ ਰਣਬੀਰ ਢਿੱਲੋਂ ਨੂੰ ਸਭਾ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਦੀ ਸਭਾ ਵਿੱਚ ਹੋਏ ਕਵੀ ਦਰਬਾਰ ਮੌਕੇ ਜਸਵੰਤ ਸਿੰਘ ਅਸਮਾਨੀ, ਜੰਗੀਰ ਸਿੰਘ ਰਤਨ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਭੋਲਾ ਸਿੰਘ ਸੰਗਰਾਮੀ, ਸੁਲੱਖਣ ਸਿੰਘ ਨਿਰਾਲਾ, ਹਰਮੇਲ ਸਿੰਘ, ਮਿਲਖਾ ਸਿੰਘ ਸਨੇਹੀ, ਚਮਕੌਰ ਸਿੰਘ, ਪ੍ਰੀਤ ਗੋਰਖਾ ਬਖਸ਼ੀ ਵਾਲਾ,ਪਵਨ ਕੁਮਾਰ ਹੋਸੀ, ਬਲਜਿੰਦਰ ਈਲਵਾਲ, ਸਾਹਿਬ ਬੀ ਸੁਨਾਮੀ, ਮਾਸਟਰ ਦਲਬਾਰ ਸਿੰਘ, ਜਸਵੀਰ ਸਿੰਘ ਸਰਾਓ, ਗੁਰਮੀਤ ਸੁਨਾਮੀ, ਬਲਜੀਤ ਸਿੰਘ ਬੰਸਲ ਅਤੇ ਸਤਿਗੁਰ ਸੁਨਾਮੀ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਇਸ ਮੌਕੇ ਲੱਖਾ ਸਿੰਘ, ਗੁਰ ਫਤਿਹ ਸਿੰਘ ਅਤੇ ਹਨੀ ਸੰਗਰਾਮੀ ਹਾਜ਼ਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਜੰਗੀਰ ਸਿੰਘ ਰਤਨ ਵੱਲੋਂ ਬਾਖ਼ੂਬੀ ਨਿਭਾਈ ਗਈ।