ਡੇਰਾਬੱਸੀ : ਅੱਜ ਜਿਲ੍ਹਾ ਪ੍ਰੋਗਰਾਮ ਅਫਸਰ ਐਸ.ਏ.ਐਸ ਨਗਰ ਗਗਨਦੀਪ ਸਿੰਘ ਵਲੋਂ ਦਫਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ, ਡੇਰਾਬੱਸੀ ਵਿਖੇ ਸ਼੍ਰੀਮਤੀ ਸ਼ੇਨਾ ਅਗਰਵਾਲ, ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਂਗਣਵਾੜੀ ਸੈਂਟਰਾਂ ਵਿਚ ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਅਧੀਨ ਦਿੱਤੀ ਜਾਂਦੀ ਫੀਡ ਦੀ ਗੁਣਵੱਤਾ ਦਾ ਮੁਆਇਨਾ ਕੀਤਾ ਗਿਆ। ਇਸ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ ਡੇਰਾਬੱਸੀ ਵਿਖੇ ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਅਧੀਨ ਆਂਗਣਵਾੜੀ ਸੈਂਟਰਾਂ ਵਿਚ ਦਿੱਤੇ ਜਾਂਦੇ ਪ੍ਰੀ-ਮਿਕਸ ਖਿਛੜੀ, ਨਮਕੀਨ ਅਤੇ ਮਿੱਠਾ ਦਲੀਆ ਪਕਾਉਣ ਉਪਰੰਤ ਮਾਰਕਫੈੱਡ ਵਲੋਂ ਸਪਲਾਈ ਕੀਤੇ ਸਮਾਨ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਇਹ ਫੀਡ ਆਂਗਣਵਾੜੀ ਸੈਂਟਰਾਂ ਰਜਿਸਟਰ ਲਾਭਪਾਤਰੀਆਂ ਲਈ ਸਹੀ ਅਤੇ ਖਾਣਯੋਗ ਹੈ।
ਇਸ ਮੌਕੇ ਸ਼੍ਰੀਮਤੀ ਸੁਮਨ ਬਾਲਾ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਡੇਰਾਬੱਸੀ ਵਲੋਂ ਮਾਰਕਫੈੱਡ ਤੋਂ ਪ੍ਰਾਪਤ ਫੀਡ ਨੂੰ ਸਹੀ ਢੰਗ ਨਾਲ ਪਕਾਉਣ ਲਈ ਮਾਰਕਫੈੱਡ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਬਾਰੇ ਦੱਸਿਆ ਗਿਆ ਅਤੇ ਫੀਡ ਦੇ ਪੋਸ਼ਿਟਕ ਗੁਣਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੌਕੇ ‘ਤੇ ਹਾਜ਼ਰ ਸ਼੍ਰੀ ਰੋਹਿਤ ਧਵਨ, ਐਫ.ਐਸ.ਓ. ਮਾਰਕਫੈਡ ਵਲੋਂ ਵੀ ਫੀਡ ਦਾ ਜਾਇਜਾ ਲਿਆ ਗਿਆ। ਇਸ ਮੌਕੇ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ, ਐਸ.ਏ.ਐਸ. ਨਗਰ ਤੋਂ ਸ਼੍ਰੀਮਤੀ ਹਰਦੀਪਮ, ਜਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਸਮੇਤ ਡੇਰਾਬੱਸੀ ਬਲਾਕ ਅਧੀਨ ਕੰਮ ਕਰਦੇ ਪੋਸ਼ਣ ਕੋਆਰਡੀਨੇਟਰ, ਸੁਪਰਵਾਈਜਰਾਂ ਅਤੇ ਆਂਗਣਵਾੜੀ ਵਰਕਰਾਂ ਵੀ ਹਾਜ਼ਰ ਸਨ।