ਮੋਹਾਲੀ : ਉਘੇ ਕਿ੍ਰਕਟ ਖਿਡਾਰੀ ਸ਼ੁਭਮਨ ਗਿੱਲ ਵਲੋਂ ਜ਼ਿਲ੍ਹਾ ਹਸਪਤਾਲ ਨੂੰ ਜ਼ਰੂਰੀ ਮੈਡੀਕਲ ਉਪਕਰਨ ਦਾਨ ਕੀਤੇ ਗਏ ਹਨ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਇਹ ਸਮਾਨ ਗਿੱਲ ਵਲੋਂ ਅਪਣੇ ਕਰੀਬੀ ਰਿਸ਼ੇਤਦਾਰ ਡਾ. ਕੁਸ਼ਲਦੀਪ ਰਾਹੀਂ ਹਸਪਤਾਲ ਨੂੰ ਭੇਜਿਆ ਗਿਆ ਹੈ। ਇਨ੍ਹਾਂ ਉਪਕਰਨਾਂ ਵਿਚ ਵੈਂਟੀਲੇਟਰ, ਸਿਰੰਜ ਪੰਪ, ਓ.ਟੀ. ਟੇਬਲ, ਸੀਲਿੰਗ ਲਾਈਟਾਂ, ਆਈ.ਸੀ.ਯੂ ਬੈੱਡ, ਐਕਸਰੇ ਸਿਸਟਮ ਆਦਿ ਉਪਕਰਨ ਸ਼ਾਮਲ ਹਨ ਜਿਨ੍ਹਾ ਦੀ ਕੀਮਤ ਲਗਭਗ 35 ਲੱਖ ਰੁਪਏ ਬਣਦੀ ਹੈ। ਡਾ. ਜੈਨ ਨੇ ਸ਼ੁਭਮਨ ਗਿੱਲ ਦਾ ਧਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਜਿਨ੍ਹਾਂ ਹਸਪਤਾਲ ਵਿਚ ਮਰੀਜ਼ਾਂ ਦੀਆਂ ਲੋੜਾਂ ਨੂੰ ਸਮਝਦਿਆਂ ਜ਼ਰੂਰੀ ਸਮਾਨ ਪ੍ਰਦਾਨ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਭਵਿੱਖ ਵਿਚ ਵੀ ਹਸਪਤਾਲ ਦੀਆਂ ਜ਼ਰੂਰਤਾਂ ਮੁਤਾਬਕ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਐਸ.ਐਮ.ਓ. ਡਾ. ਐਚ.ਐਸ. ਚੀਮਾ, ਸਿਹਤ ਸੁਪਰਵਾਇਜ਼ਰ ਭੁਪਿੰਦਰ ਸਿੰਘ ਡਾਰੀ ਹਾਜ਼ਰ ਸਨ।