ਜ਼ੀਰਕਪੁਰ ਵਿਖੇ ਟ੍ਰੇਨਰ ਅਰਚਨਾ ਰੋਜ਼ਾਨਾ ਛੇ ਯੋਗਾ ਸੈਸ਼ਨ ਲਗਾ ਕੇ ਦੇ ਰਹੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ
ਜ਼ੀਰਕਪੁਰ : ਐਸ.ਡੀ.ਐਮ, ਅਮਿਤ ਗੁਪਤਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਾ ਕਲਾਸਾਂ ਡੇਰਾਬਸੀ ਸਬ ਡਵੀਜਨ ਵਿਖੇ ਜ਼ੀਰਕਪੁਰ ਦੇ ਵਾਸੀਆਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਨਿਰੰਤਰ ਯੋਗਾ ਅਭਿਆਸ ਦੀ ਮਦਦ ਨਾਲ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਹੁਤ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਯੋਗਾ ਟ੍ਰੇਨਰ ਅਰਚਨਾ ਵੱਲੋਂ ਜ਼ੀਰਕਪੁਰ ਵਿਖੇ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਛੇ ਯੋਗਾ ਕਲਾਸਾਂ ਲਾਈਆ ਜਾ ਰਹੀਆਂ ਹਨ। ਅਰਚਨਾ ਵੱਲੋਂ ਸਵੇਰੇ 6.15 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੀ ਕਲਾਸ 7:15 ਵਜੇ ਖ਼ਤਮ ਹੋਣ ਤੱਕ ਦਿਨ ਵਿੱਚ ਛੇ ਕਲਾਸਾਂ ਲਾਈਆਂ ਜਾ ਰਹੀਆਂ ਹਨ।
ਟ੍ਰੇਨਰ ਅਰਚਨਾ ਵੱਲੋਂ ਜ਼ੀਰਕਪੁਰ ਵਿਖੇ ਪਹਿਲੀ ਕਲਾਸ ਸ਼ੁਸ਼ਮਾ ਗ੍ਰੈਂਡ ਸੁਸਾਇਟੀ ਪਾਰਕ ਵਿਖੇ ਸਵੇਰੇ 6.15 ਤੋਂ 7.15 ਵਜੇ ਤੱਕ, ਦੂਸਰੀ ਅਤੇ ਪੰਜਵੀਂ ਕਲਾਸ ਮੋਤੀਆ ਸਿਟੀ ਸੁਸਾਇਟੀ ਪਾਰਕ ਵਿਖੇ ਸਵੇਰੇ 8.25 ਤੋਂ 9.25 ਵਜੇ ਤੱਕ ਅਤੇ ਸ਼ਾਮ 5.10 ਤੋਂ 6.10 ਵਜੇ ਤੱਕ, ਤੀਜੀ ਕਲਾਸ ਸ਼ੁਸ਼ਮਾ ਗ੍ਰੈਂਡ ਕਲੱਬ ਹਾਊਸ ਵਿਖੇ ਸਵੇਰੇ 9.30 ਤੋਂ 10.30 ਵਜੇ ਤੱਕ ਅਤੇ ਚੌਥੀ ਕਲਾਸ ਸ਼ੁਸ਼ਮਾ ਵੈਲੇਂਸੀਆ ਸੁਸਾਇਟੀ ਪਾਰਕ ਵਿਖੇ ਬਾਅਦ ਦੁਪਿਹਰ 4.00 ਤੋਂ 5.00 ਵਜੇ ਤੱਕ ਅਤੇ ਛੇਵੀਂ ਕਲਾਸ ਚੰਡੀਗੜ੍ਹ ਇਨਕਲੇਵ ਸੁਸਾਇਟੀ ਪਾਰਕ ਵਿਖੇ ਸ਼ਾਮ 6.15 ਤੋਂ 7.15 ਵਜੇ ਤੱਕ ਲਾਈ ਜਾਂਦੀ ਹੈ।
ਸੀ ਐਮ ਦੀ ਯੋਗਸ਼ਾਲਾ ਦੀ ਟ੍ਰੇਨਰ ਅਰਚਨਾ ਨੇ ਆਪਣੀਆਂ ਯੋਗਾ ਕਲਾਸਾਂ ਦੇ ਸਿਖਿਆਰਥੀਆਂ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਸ਼ੁਰੂ ਵਿੱਚ ਉਹ ਸਾਰੇ ਆਪਣੇ ਰੁਝੇਵਿਆਂ ਅਤੇ ਹੋਰ ਕਾਰਨਾਂ ਕਰਕੇ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਝਿਜਕਦੇ ਸਨ ਪਰ ਜਦੋਂ ਉਨ੍ਹਾਂ ਨੂੰ ਉਨ੍ਹਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਪੈਦਾ ਕਰਨ ਵਿੱਚ ਯੋਗਾ ਆਸਣ ਮਦਦਗਾਰ ਲੱਗੇ, ਤਾਂ ਨਵੇਂ ਆਉਣ ਵਾਲਿਆਂ ਦੀ ਗਿਣਤੀ ਵਧਦੀ ਗਈ।
ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ 'ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।