ਕੁਰਾਲੀ : ਸਥਾਨਕ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅੱਜ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਪੌਦੇ ਲਗਾਉਂਦਿਆਂ ਨਗਰ ਕੌਂਸਲ ਦੀ ਟੀਮ ਦੀ ਅਗਵਾਈ ਕਰਦਿਆਂ ਪਰਵਿੰਦਰ ਸਿੰਘ ਭੱਟੀ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਅੰਸ਼ਿਕਾ ਜੈਨ ਡਿਪਟੀ ਕਮਿਸ਼ਨਰ, ਦਮਨਜੀਤ ਸਿੰਘ ਮਾਨ ਏ.ਡੀ.ਸੀ. ਸ਼ਹਿਰੀ ਵਿਕਾਸ, ਗੁਰਮਿੰਦਰ ਸਿੰਘ ਐਸ.ਡੀ.ਐਮ ਖਰੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਅੰਦਰ ਇੱਕ ਲੱਖ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਨਗਰ ਕੌਂਸਲ ਵੱਲੋਂ ਟੀਮਾਂ ਬਣਾ ਕੇ 10 ਹਜਾਰ ਦੇ ਕਰੀਬ ਪੌਦੇ ਲਗਾਏ ਜਾਣਗੇ ਅਤੇ ਅੱਜ ਤੱਕ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਤਿੰਨ ਹਜਾਰ ਦੇ ਕਰੀਬ ਪੌਦੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਸ. ਭੱਟੀ ਨੇ ਇਸ ਮੁਹਿੰਮ ਦੀ ਸਫ਼ਲਤਾ ਲਈ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਸਮੁੱਚੀਆਂ ਜਥੇਬੰਦੀਆਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅੱਗੇ ਆਉਣ, ਤਾਂ ਜੋ ਸਮੁੱਚੇ ਜਿਲ੍ਹੇ ਵਿੱਚ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਲਈ ਵੱਖਰੇ ਤੌਰ ਤੇ ਟੀਮਾਂ ਬਣਾਈਆਂ ਗਈਆਂ ਹਨ। ਸ. ਭੱਟੀ ਨੇ ਕਿਹਾ ਕਿ ਅੱਜ 23 ਜੁਲਾਈ ਨੂੰ ਸ਼ਹਿਰ ਦੇ ਅਧਰੇੜਾ ਰੋਡ ਤੇ ਮੈਗਾ ਡਰਾਈਵ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਨਦੀ ਕੰਢੇ ਸ਼ਹਿਰ ਦੀ ਥਾਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਜਾਣਗੇ।