ਸੁਨਾਮ : ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ (ਰਜਿ :) ਸੁਨਾਮ ਦੇ ਇੱਕ ਵਫ਼ਦ ਨੇ ਪ੍ਰਧਾਨ ਕੇਸਰ ਸਿੰਘ ਢੋਟ ਦੀ ਅਗਵਾਈ ਵਿੱਚ ਐਸ. ਡੀ .ਐਮ. ਸੁਨਾਮ ਪ੍ਰਮੋਦ ਸਿੰਗਲਾ ਨੂੰ ਮਿਲ ਕੇ ਸ਼ਹਿਰੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ। ਜਿਸ ਵਿੱਚ ਮੰਗ ਕੀਤੀ ਗਈ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਨਾਲ ਨਾਲ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਊਧਮ ਸਿੰਘ ਦੀ ਫੋਟੋ ਵੀ ਲਗਾਈ ਜਾਵੇ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਦੀ ਪੰਜਾਬ ਪੱਧਰੀ ਛੁੱਟੀ ਬਹਾਲ ਕੀਤੀ ਜਾਵੇ। ਸੰਗਰੂਰ ਸੁਨਾਮ ਕੈਚੀਆਂ ਵਾਲੇ ਚੌਂਕ ਦਾ ਨਾਮ ਸ਼ਹੀਦ ਊਧਮ ਸਿੰਘ ਚੌਂਕ ਰੱਖਿਆ ਜਾਵੇ। ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਇੱਕ ਆਡੀਟੋਰੀਅਮ ਬਣਾਇਆ ਜਾਵੇ ਤਾਂ ਜੋ ਸ਼ਹੀਦ ਨਾਲ ਸੰਬੰਧਿਤ ਸਮਾਗਮ ਉੱਥੇ ਕੀਤੇ ਜਾ ਸਕਣ। ਸਮਾਰਕ ਵਿੱਚ ਆਉਣ ਵਾਲੇ ਦਰਸ਼ਕਾਂ ਦੇ ਬੈਠਣ ਲਈ ਬੈਂਚ ਰੱਖੇ ਜਾਣ। ਆਈ.ਟੀ.ਆਈ. ਨੇੜੇ ਸ਼ਹੀਦ ਊਧਮ ਸਿੰਘ ਦੇ ਬੁੱਤ ਵਾਲੇ ਚੌਂਕ ਦਾ ਅਗਰ ਸੈਨ ਚੌਂਕ ਵਾਂਗ ਸੁੰਦਰੀਕਰਨ ਕੀਤਾ ਜਾਵੇ ।ਇਸ ਦੇ ਨਾਲ ਨਾਲ ਸ਼ਹੀਦ ਊਧਮ ਸਿੰਘ ਸਮਾਰਕ ਦੇ ਗੇਟ ਕੋਲ ਇੱਕ ਕੰਟੀਨ ਬਣਾਈ ਜਾਵੇ ਤਾਂ ਕਿ ਚਾਹ ਪਾਣੀ ਪੀਣ ਦੇ ਬਹਾਨੇ ਆਉਂਦੇ ਜਾਂਦੇ ਲੋਕ ਉੱਥੇ ਰੁਕਣ ਅਤੇ ਸਮਾਰਕ ਦੇ ਦਰਸ਼ਨ ਕਰਨ। ਐਸ. ਡੀ .ਐਮ. ਸੁਨਾਮ ਨੇ ਇਹਨਾਂ ਮੰਗਾਂ ਨੂੰ ਪੂਰੀਆਂ ਕਰਨ ਅਤੇ ਕਰਵਾਉਣ ਦਾ ਪੂਰਨ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਕੇਸਰ ਸਿੰਘ ਢੋਟ, ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ, ਸੈਕਟਰੀ ਤਰਸੇਮ ਸਿੰਘ ਮਹਿਰੋਕ, ਡਾਕਟਰ ਮਲਕੀਤ ਸਿੰਘ, ਜਸਪਾਲ ਸਿੰਘ ਕੋਚ ਅਤੇ ਬਿਕਰਮ ਸਿੰਘ ਅਬਦਾਲ ਹਾਜ਼ਰ ਸਨ।