ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਵਿਚ ਲਗਾਤਾਰ ਤੀਸਰੀ ਵਾਰ ਆਪਣੀ ਸਰਕਾਰ ਬਣਾ ਕੇ ਸੱਤਾ ਵਿੱਚ ਆਉਣ ਤੇ ਪੇਸ਼ ਕੀਤੇ ਗਏ ਪਹਿਲੇ ਬਜਟ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਬਜਟ ਵਿੱਚ ਵੱਡੇ ਪੱਧਰ ਤੇ ਵਿਤਕਰਾ ਕੀਤਾ ਗਿਆ ਹੈ, ਜਦੋਂਕਿ ਪੰਜਾਬ ਨੇ ਦੇਸ਼ ਦੀ ਤਰੱਕੀ ਵਿੱਚ ਹੋਰਨਾ ਸੂਬਿਆਂ ਨਾਲੋਂ ਹਰ ਖੇਤਰ ਤੇ ਹਰ ਪੱਖ ਤੋਂ ਪੂਰਾ ਵੱਧ ਚੜ ਕੇ ਹਮੇਸ਼ਾ ਯੋਗਦਾਨ ਪਾਇਆ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਪੰਜਾਬੀਆਂ ਨੂੰ ਨਿਰਾਸ਼ ਕਰਕੇ ਰੱਖ ਦਿੱਤਾ ਹੈ । ਉਹਨਾਂ ਕਿਹਾ ਕਿ ਪੰਜਾਬ ਹੀ ਇੱਕ ਅਜਿਹੀ ਸਟੇਟ ਹੈ ਜਿਥੋਂ ਦੇਸ਼ ਦਾ ਢਿੱਡ ਭਰਨ ਲਈ ਕਿਸਾਨ ਹਮੇਸ਼ਾ ਦਿਨ ਰਾਤ ਇੱਕ ਕਰਕੇ ਮਿਹਨਤ ਕਰਦਾ ਹੈ ਤੇ ਪੰਜਾਬ ਦੇ ਜੁਝਾਰੂ ਲੋਕ ਦੇਸ਼ ਦੀ ਤਰੱਕੀ ਵਿੱਚ ਹਮੇਸ਼ਾ ਯੋਗਦਾਨ ਪਾਉਣ ਵਿੱਚ ਮੋਹਰੀ ਰੋਲ ਅਦਾ ਕਰਦੇ ਰਹਿੰਦੇ ਹਨ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਨੂੰ ਰਾਜ ਸਰਕਾਰ ਨਾਲ ਆਪਣੀ ਵਿਤਕਰੇਬਾਜ਼ੀ ਤੇ ਸਿਆਸਤਬਾਜੀ ਨੂੰ ਭੁੱਲ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਬਜਟ ਵਿੱਚ ਪੰਜਾਬ ਨੂੰ ਕੁਝ ਨਾ ਮਿਲਣ ਕਰਕੇ ਨਿਰਾਸ਼ ਹੋਏ ਪੰਜਾਬ ਦੇ ਲੋਕਾਂ ਨੂੰ ਉਸਦਾ ਬਣਦਾ ਹੱਕ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਰਿਆਇਤਾਂ ਦੇਣ ਦਾ ਸਮਾਂ ਸੀ ਜਦੋਂ ਕਿ ਸਰਕਾਰ ਵੱਲੋਂ ਅਜਿਹਾ ਕੁਝ ਨਾ ਕਰਕੇ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ।