ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਨਮੋਲ ਦੇ ਖੇਤਾਂ ਵਿੱਚੋਂ ਦੀ ਤੇਲ ਕੰਪਨੀ ਵੱਲੋਂ ਕੱਢੀ ਜਾ ਰਹੀ ਪਾਈਪ ਲਾਈਨ ਖ਼ਿਲਾਫ਼ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਛੋਟੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੀਨੀਅਰ ਜ਼ਿਲ੍ਹਾ ਆਗੂ ਹੈਪੀ ਨਮੋਲ ਨੇ ਦੱਸਿਆ ਹੈ ਕਿ ਪਿੰਡ ਨਮੋਲ ਦੇ ਖੇਤਾਂ ਵਿੱਚ ਦੀ ਕਥਿਤ ਤੌਰ ਤੇ ਧੱਕੇ ਨਾਲ ਤੇਲ ਪਾਈਪ ਲਾਈਨ ਪਾਈ ਜਾ ਰਹੀ ਹੈ, ਕਿਸਾਨ ਇਸ ਦੇ ਸਬੰਧ ਵਿੱਚ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਲੇਕਿਨ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਪਾਈਪ ਲਾਈਨ ਦੇ ਵਿੱਚ ਆਉਂਦੀਆਂ ਹਨ ਉਹ ਚਾਰ ਤੋਂ ਪੰਜ ਏਕੜ ਜ਼ਮੀਨ ਦੇ ਮਾਲਕ ਹਨ। ਕਿਸਾਨਾਂ ਨੇ ਕਿਹਾ ਕਿ ਪਾਈਪ ਲਾਈਨ ਪਾਉਣ ਲਈ ਕੰਪਨੀ ਸ਼ਰਤਾਂ ਲਗਾ ਰਹੀ ਜਿਵੇਂ ਖੇਤ ਵਿੱਚ ਬੋਰ ਨਹੀਂ ਲਾਇਆ ਜਾ ਸਕਦਾ ਅਤੇ ਨਾ ਹੀ ਕਿਸਾਨ ਘਰ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਲਈ ਤੇਲ ਪਾਈਪ ਲਾਈਨ ਪਾਈ ਜਾ ਹੈ ਅਤੇ ਕਿਸਾਨਾਂ ਨੂੰ ਸਿੱਧੇ ਰੂਪ ਵਿੱਚ ਉਜਾੜਿਆ ਜਾ ਰਿਹਾ ਹੈ। ਕਿਸਾਨ ਕਿਸੇ ਵੀ ਕੀਮਤ ਉੱਤੇ ਇਹ ਪਾਈਪ ਲਾਈਨ ਨਹੀਂ ਪਾਉਣ ਦੇਣਗੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕੰਪਨੀ ਨੂੰ ਹੱਲਾਸ਼ੇਰੀ ਦੇਕੇ ਧੱਕਾ ਕਰਵਾਇਆ ਜਾਵੇਗਾ ਤਾਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਭਗਵਾਨ ਸਿੰਘ, ਮਿੱਠਾ ਸਿੰਘ, ਜੰਟਾ ਸਿੰਘ, ਕੁਲਦੀਪ ਸਿੰਘ, ਅਜੀਤ ਸਿੰਘ, ਸੁੱਖੀ ਮੈਬਰ, ਅਮਰੀਕ ਸਿੰਘ, ਧੰਨਾ ਸਿੰਘ, ਜੋਗਾ ਸਿੰਘ, ਕੁਲਦੀਪ ਸਿੰਘ, ਭੋਲਾ ਸਿੰਘ,ਲੀਲਾ ਸਿੰਘ, ਬੱਬੂ ਸਿੰਘ, ਮੱਖਣ ਪੂਨੀਆ, ਭੀਮ ਸਿੰਘ, ਹਰਪਾਲ ਸਿੰਘ, ਜੀਤ ਰੋਮਾਣਾ ਆਦਿ ਹਾਜ਼ਰ ਸਨ।