ਸੁਨਾਮ : ਐਗਰੋ ਇਨਪੁਟ ਡੀਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਈਸ਼ਵਰ ਗਰਗ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਸੌਂਪਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਾਸੋਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਵਾਉਣ ਦੀ ਮੰਗ ਕੀਤੀ ਹੈ। ਮੰਗ ਪੱਤਰ ਵਿੱਚ ਰਵਨੀਤ ਸਿੰਘ ਬਿੱਟੂ (ਕੇਂਦਰੀ ਰਾਜ ਮੰਤਰੀ, ਭਾਰਤ ਸਰਕਾਰ) ਨੂੰ ਬੀਜ, ਕੀਟਨਾਸ਼ਕ ਅਤੇ ਖਾਦ ਡੀਲਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂੰ ਕਰਵਾਉਂਦਿਆਂ ਮੰਗ ਕੀਤੀ ਗਈ ਕਿ ਕੀੜੇਮਾਰ ਦਵਾਈਆਂ ਅਤੇ ਬੀਜਾਂ ਦੇ ਸੈਂਪਲ ਮਾਪਦੰਡਾਂ 'ਤੇ ਪੂਰੇ ਨਾ ਉਤਰਨ 'ਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨਾ ਕਿ ਡੀਲਰਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਵਾਈਆਂ ਬਣਾਉਣ ਵਾਲੇ ਨਿਰਮਾਤਾ ਨੂੰ ਹੀ ਪਹਿਲੀ ਧਿਰ ਬਣਾਓ, ਦਵਾਈਆਂ ਵੇਚਣ ਵਾਲੇ ਤਾਂ ਸੀਲਬੰਦ ਡੱਬੇ ਅਤੇ ਪੈਕਟ ਵੇਚਦੇ ਹਨ, ਫਿਰ ਵੇਚਣ ਵਾਲੇ ਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ ਵੇਚਣ ਲਈ ਲਾਇਸੰਸ ਨੂੰ ਨਵਿਆਉਣ ਦੀ ਫੀਸ ਵੀ ਖਤਮ ਕੀਤੀ ਜਾਵੇ ਕਿਉਂਕਿ ਕਈ ਰਾਜਾਂ ਵਿੱਚ ਅਜਿਹੀ ਕੋਈ ਫੀਸ ਲਾਗੂ ਨਹੀਂ ਹੈ। ਡੀਲਰਾਂ ਦਾ ਮੁਨਾਫ਼ਾ ਵਧਾਇਆ ਜਾਣਾ ਚਾਹੀਦਾ ਹੈ ਅਤੇ ਦੇਸ਼ ਭਰ ਦੇ ਸਾਰੇ ਐਗਰੋ ਇਨਪੁਟ ਡੀਲਰਾਂ 'ਤੇ ਇਕਸਾਰ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਇਹ ਮਾਮਲਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਲ ਉਠਾਉਣਗੇ ਅਤੇ ਉਕਤ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਹੱਲ ਕਰਵਾਉਣਗੇ।