ਜਲੰਧਰ : ਬੀਤੀ ਰਾਤ ਪੰਜਾਬ ਦੇ ਜਲੰਧਰ ਤੋਂ ਸਾਬਕਾ ਕੈਬਨਿਟ ਮੰਤਰੀ ਅਤੇ BJP ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਹਮਲਾ ਜਲੰਧਰ ਦੇ ਸਭ ਤੋਂ ਪ੍ਰਮੁੱਖ ਖੇਤਰ ਸ਼ਾਸਤਰੀ ਮਾਰਕੀਟ ਚੌਕ ਦੇ ਨੇੜੇ ਦੇਰ ਰਾਤ ਕਰੀਬ 2 ਵਜੇ ਦੇ ਵਿਚਕਾਰ ਹੋਇਆ। ਈ-ਰਿਕਸ਼ਾ ਸਵਾਰ 2 ਵਿਅਕਤੀਆਂ ਦੇ BJP ਆਗੂ ਦੇ ਘਰ ਦੇ ਬਾਹਰ ਕੋਈ ਚੀਜ਼ ਸੁੱਟ ਕੇ ਜਾਣ ਦੇ ਕਰੀਬ 7 ਸੈਕਿੰਡ ਮਗਰੋਂ ਹੀ ਇਹ ਧਮਾਕਾ ਹੋਇਆ। ਹਮਲੇ ਸਮੇਂ ਸਾਬਕਾ ਮੰਤਰੀ ਆਪਣੇ ਘਰ ਵਿੱਚ ਸੌਂ ਰਹੇ ਸਨ। ਉਨ੍ਹਾਂ ਦੇ ਨਾਲ ਘਰ ਵਿੱਚ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਧਮਾਕੇ ਨਾਲ ਸਾਬਕਾ ਮੰਤਰੀ ਦੇ ਘਰ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਸਾਰੀ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਫੋਰੈਂਸਿਕ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।