ਪੰਜਾਬ ਦੇ ਮੰਤਰੀ ਕਰ ਰਹੇ ਗ਼ੈਰ ਜਿੰਮੇਵਾਰਾਨਾ ਬਿਆਨਬਾਜ਼ੀ
ਸੁਨਾਮ : ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਸੂਬੇ ਅੰਦਰ ਨਿੱਤ ਦਿਨ ਹੋ ਰਹੇ ਬੰਬ ਧਮਾਕਿਆਂ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਵਰਤਾਰੇ ਕਾਰਨ ਰਾਜ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ। ਬਾਵਜੂਦ ਇਸਦੇ ਉਕਤ ਮਾਮਲੇ ਨੂੰ ਲੈਕੇ ਭਗਵੰਤ ਮਾਨ ਸਰਕਾਰ ਦੇ ਮੰਤਰੀ ਗੈਰ ਜਿੰਮੇਵਾਰਾਨਾ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਉੱਤੇ ਹੋਏ ਹਮਲੇ ਨੂੰ ਲੈਕੇ ਸੂਬਾ ਸਰਕਾਰ ਨੂੰ ਘੇਰਿਆ। ਮੰਗਲਵਾਰ ਨੂੰ ਸੁਨਾਮ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਸੱਦੀ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਦਾਮਨ ਬਾਜਵਾ ਨੇ ਕਿਹਾ ਕਿ ਜਲੰਧਰ ਪੰਜਾਬ ਦਾ ਮੀਡੀਆ ਹੱਬ ਹੈ ਜਦੋਂ ਸਰਕਾਰ ਇੰਨੇ ਮਹੱਤਵਪੂਰਨ ਸ਼ਹਿਰ ਨੂੰ ਸੁਰੱਖਿਅਤ ਰੱਖਣ ਵਿੱਚ ਅਸਮਰੱਥ ਹੈ ਤਾਂ ਇਹ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਬਾਕੀ ਪੰਜਾਬ ਵਿੱਚ ਸੁਰੱਖਿਆ ਸਥਿਤੀ ਕਿਹੋ ਜਿਹੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਭਗ ਪੰਦਰਾਂ ਧਮਾਕੇ ਹੋਏ ਹਨ ਪਰੰਤੂ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਇਸ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ। ਰਾਜ ਦੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਬਾਵਜੂਦ ਅਜਿਹੇ ਵਰਤਾਰੇ ਦੇ ਸਰਕਾਰ ਦੇ ਮੰਤਰੀ ਬੇਤੁਕੀ ਅਤੇ ਗੈਰ ਜਿੰਮੇਵਾਰਾਨਾ ਬਿਆਨਬਾਜ਼ੀ ਕਰ ਰਹੇ ਹਨ। ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰ ਇਸ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹੀ ਹੈ ਅਤੇ ਪੰਜਾਬ ਦੇ ਹਰ ਨਾਗਰਿਕ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੁੱਦੇ 'ਤੇ ਚੁੱਪ ਨਹੀਂ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਸੀਨੀਅਰ ਭਾਜਪਾ ਆਗੂ ਪ੍ਰੇਮ ਗੁਗਨਾਨੀ, ਬਲਾਕ ਪ੍ਰਧਾਨ ਰਾਜੀਵ ਮੱਖਣ, ਸਾਬਕਾ ਵਾਈਸ ਚੇਅਰਮੈਨ ਹਿੰਮਤ ਸਿੰਘ ਬਾਜਵਾ, ਡਾਕਟਰ ਜਗਮਹਿੰਦਰ ਸੈਣੀ, ਸ਼ੰਕਰ ਬਾਂਸਲ, ਅਸ਼ੋਕ ਗੋਇਲ, ਰਜਤ ਸ਼ਰਮਾ, ਸਤਵੀਰ ਸਿੰਘ ਬਿਗੜਵਾਲ, ਮਾਲਵਿੰਦਰ ਸਿੰਘ ਗੋਲਡੀ, ਰਾਜਿੰਦਰ ਗੋਇਲ ਬਿੱਟੂ, ਜਰਨੈਲ ਸਿੰਘ ਢੋਟ ਆਦਿ ਹਾਜ਼ਰ ਸਨ।