ਗਾਜ਼ੀਆਬਾਦ : ਕੋਰੋਨਾ ਵਾਇਰਸ ਨੇ ਕਈ ਹਸਦੇ-ਖੇਡਦੇ ਪਰਵਾਰ ਤਬਾਹ ਕਰ ਦਿਤੇ। ਇਥੋਂ ਦੇ ਦੁਰਗੇਸ਼ ਪ੍ਰਸਾਦ ਦੇ ਪਰਵਾਰ ਨਾਲ ਇਹੋ ਬੀਤੀ। ਕੋਰੋਨਾ ਦੀ ਭੇਟ ਹਸਦਾ-ਖੇਡਦਾ ਪਰਵਾਰ ਚੜ੍ਹ ਗਿਆ। ਹੁਣ ਪਰਵਾਰ ਵਿਚ ਬਚੀਆਂ ਹਨ ਦੋ ਮਾਸੂਮ ਬੱਚੀਆਂ। ਦੁਰਗੇਸ਼ ਸੇਵਾਮੁਕਤ ਅਧਿਆਪਕ ਸੀ। ਰਿਪਬਲਿਕ ਸੁਸਾਇਟੀ ਵਿਚ ਰਹਿਣ ਵਾਲੇ ਲੋਕ ਉਸ ਦੇ ਪਰਵਾਰ ’ਤੇ ਟੁੱਟੇ ਕਹਿਰ ਨੂੰ ਯਾਦ ਕਰਕੇ ਰੋ ਪੈਂਦੇ ਹਨ। ਉਹ ਹਮੇਸ਼ਾ ਸਮਾਜ ਸੇਵੀ ਕੰਮਾਂ ਵਿਚ ਅੱਗੇ ਰਹਿੰਦੇ ਸਨ। ਕੋਰੋਨਾ ਪੀੜਤ ਹੋਣ ਮਗਰੋਂ ਉਹ ਘਰ ਵਿਚ ਹੀ ਸਨ ਅਤੇ ਦਵਾਈ ਲੈ ਰਹੇ ਸਨ। ਇਕ ਦਿਨ ਤਬੀਅਤ ਵਿਗੜ ਗਈ ਤੇ ਇਸੇ ਦੌਰਾਨ ਉਨ੍ਹਾਂ ਦੀ ਪਤਨੀ, ਬੇਟਾ ਅਤੇ ਬਹੂ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ। 27 ਅਪ੍ਰੈਲ ਨੂੰ ਦੁਰਗੇਸ਼ ਦੀ ਮੌਤ ਹੋ ਗਈ, ਫਿਰ ਬਾਕੀ ਜੀਅ ਸ਼ਾਰਦਾ ਹਸਪਤਾਲ ਵਿਚ ਦਾਖ਼ਲ ਹੋ ਗਏ। ਪਰ ਹੌਲੀ-ਹੌਲੀ ਬਾਕੀ ਤਿੰਨੋਂ ਵੀ ਦਮ ਤੋੜ ਗਏ। ਹੁਣ ਪਰਵਾਰ ਵਿਚ ਦੋ ਮਾਸੂਮ ਬੱਚੀਆਂ ਹਨ। ਪਤਾ ਨਹੀਂ ਅਜਿਹੇ ਹੋਰ ਕਿੰਨੇ ਪਰਵਾਰ ਹਨ ਜਿਨ੍ਹਾਂ ਨੂੰ ਕੋਰੋਨਾ ਨੇ ਸਦਾ ਦੀ ਨੀਂਦ ਸੁਆ ਦਿਤਾ।