ਸੁਨਾਮ : ਰੋਟਰੀ ਕਲੱਬ ਸੁਨਾਮ ਮੇਨ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ। ਰੋਟਰੀ 3090 ਦੇ ਗਵਰਨਰ ਰਹੇ ਘਨਸ਼ਿਆਮ ਕਾਂਸਲ, ਕਲੱਬ ਦੇ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ, ਸੈਕਟਰੀ ਹਨੀਸ਼ ਸਿੰਗਲਾ ਅਤੇ ਖ਼ਜ਼ਾਨਚੀ ਰਾਜਨ ਸਿੰਗਲਾ ਦੀ ਅਗਵਾਈ ਵਿੱਚ ਕਰਵਾਏ ਸੈਮੀਨਾਰ ਮੌਕੇ ਪ੍ਰਸਿੱਧ ਵਿਦਵਾਨ ਡਾਕਟਰ ਸਿਕੰਦਰ ਸਿੰਘ, ਡਾਕਟਰ ਹਰਨੇਕ ਸਿੰਘ ਢੋਟ ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ, ਪ੍ਰਸਿੱਧ ਸ਼ਾਇਰ ਸੰਧੇ ਸੁਖਬੀਰ ਅਤੇ ਗਿਆਨੀ ਜੰਗੀਰ ਸਿੰਘ ਰਤਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਕੁਰਬਾਨੀ ਦੇ ਵੱਖੋ ਵੱਖ ਪਹਿਲੂਆਂ ਉੱਤੇ ਬੜੀ ਵਿਦਵਤਾ ਨਾਲ ਭਾਵਪੂਰਤ ਚਾਨਣਾ ਪਾ ਕੇ ਸ਼ਹੀਦ ਊਧਮ ਸਿੰਘ ਬਾਰੇ ਕਈ ਛੁਪੇ ਅਤੇ ਅਣਗੌਲੇ ਪੱਖਾਂ ਨੂੰ ਉਜਾਗਰ ਕੀਤਾ। ਸੈਮੀਨਾਰ ਦਾ ਆਗਾਜ਼ ਰਾਸ਼ਟਰੀ ਗਾਣ ਤੇ ਦੇਵਿੰਦਰ ਪਾਲ ਸਿੰਘ ਦੇ ਸਵਾਗਤੀ ਭਾਸ਼ਣ ਦੇ ਨਾਲ ਹੋਇਆ। ਸੈਮੀਨਾਰ ਦੇ ਬੁਲਾਰਿਆਂ ਵਜੋਂ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਕੁਝ ਲਿਖਤਾਂ ਅਨੁਸਾਰ ਸੁਨਾਮ ਸ਼ਹਿਰ ਤਿੰਨ ਹਜ਼ਾਰ ਸਾਲ ਪੁਰਾਤਨ ਹੈ ਪਰ ਸੁਨਾਮ ਨੂੰ ਸੰਸਾਰ ਪੱਧਰ ਤੇ ਪ੍ਰਸਿੱਧੀ 13 ਮਾਰਚ 1940 ਦਿਨ ਬੁੱਧਵਾਰ ਨੂੰ ਮਿਲੀ ਜਿਸ ਦਿਨ ਲੰਡਨ ਦੇ ਕੈਕਸਟਨ ਹਾਲ ਵਿੱਚ ਸੁਨਾਮ ਦੇ ਜੰਮਪਲ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਖੂਨੀ ਕਾਂਡ ਦੇ ਮੁੱਖ ਦੋਸ਼ੀ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ। ਉਸਦੇ ਇਸ ਇਨਕਲਾਬੀ ਐਕਸ਼ਨ ਨੇ ਸੁਨਾਮ ਨੂੰ ਸੰਸਾਰ ਪੱਧਰ ਤੇ ਪ੍ਰਸਿੱਧ ਕਰ ਦਿੱਤਾ। ਡਾਕਟਰ ਹਰਨੇਕ ਸਿੰਘ ਢੋਟ ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਨੇ ਊਧਮ ਸਿੰਘ ਦੀ ਸੂਰਬੀਰਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਣਖ ਅਤੇ ਗ਼ੈਰਤ ਦਾ ਨਿਵੇਕਲਾ ਇਤਿਹਾਸ ਸਿਰਜਣ ਵਾਲਾ ਸ਼ਹੀਦ ਊਧਮ ਸਿੰਘ ਆਜ਼ਾਦੀ ਦੀ ਸਹੁੰ ਖਾਕੇ ਜੰਮਿਆ ਸੀ। ਗ਼ੁਲਾਮੀ ਵਿੱਚ ਉਸਦਾ ਦਮ ਘੁੱਟਦਾ ਸੀ। ਅਣਖ ਨਾਲ ਜਿਉਣਾ, ਮੜਕ ਨਾਲ ਜਿਉਣਾ ਜਦੋ ਜਹਿਦ ਨਾਲ ਜਿਉਣਾ ਸਮੇਂ ਦਾ ਸਰਦਾਰ ਬਣਕੇ ਜਿਉਣਾ ਉਸਦੇ ਖ਼ੂਨ ਦਾ ਖਾਸਾ ਸੀ। ਡਾਕਟਰ ਸਿਕੰਦਰ ਸਿੰਘ ਜਿਨ੍ਹਾਂ ਨੇ ਸ਼ਹੀਦ ਊਧਮ ਸਿੰਘ ਉੱਤੇ ਕਾਫੀ ਲੰਮੇ ਤੋ ਖੋਜ ਕਾਰਜ ਸ਼ੁਰੂ ਕੀਤਾ ਹੋਇਆ ਹੈ ਨੇ ਸ਼ਹੀਦ ਊਧਮ ਸਿੰਘ ਬਾਰੇ ਉਹਨਾਂ ਤੱਥਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਸੀ। ਇਸ ਮੌਕੇ ਉਘੇ ਪੱਤਰਕਾਰ ਬੀਰਇੰਦਰ ਸਿੰਘ ਬਨਭੌਰੀ ਨੇ ਵੀ ਸ਼ਹੀਦ ਦੇ ਜੀਵਨ ਸਬੰਧੀ ਆਪਣੇ ਵਿਚਾਰ ਰੱਖੇ। ਪ੍ਰਸਿੱਧ ਸ਼ਾਇਰ ਸੰਧੇ ਸੁਖਬੀਰ ਨੇ ਸ਼ਹੀਦ ਨੂੰ ਸਮਰਪਿਤ ਆਪਣੀ ਪੁਖ਼ਤਾ ਸ਼ਾਇਰੀ ਨਾਲ ਸਮਾਗਮ ਨੂੰ ਹੋਰ ਵੀ ਖੁਸ਼ ਗਵਾਰ ਕਰ ਦਿੱਤਾ। ਇਸ ਮੌਕੇ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਘਨਸ਼ਿਆਮ ਕਾਂਸਲ ਨੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਅੰਤ ਵਿੱਚ ਕਲੱਬ ਦੇ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ ਵੱਲੋਂ ਪਹੁੰਚੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਪਹੁੰਚੇ ਵਿਦਵਾਨਾਂ ਕੋਲੋਂ ਸਰੋਤਿਆਂ ਨੂੰ ਸ਼ਹੀਦ ਊਧਮ ਸਿੰਘ ਬਾਰੇ ਬਹੁ ਪੱਖੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਮੌਕੇ ਅਨਿਲ ਜਨੇਜਾ, ਜਗਦੀਪ ਭਾਰਦਵਾਜ, ਵਿਕਰਮ ਗਰਗ ਵਿੱਕੀ, ਯਸ਼ਪਾਲ ਮੰਗਲਾ, ਸਤੀਸ਼ ਮਿੱਤਲ, ਪ੍ਰੋਫੈਸਰ ਵਿਜੇ ਮੋਹਨ, ਪੁਨੀਤ ਬਾਂਸਲ, ਤਨੁਜ ਜਿੰਦਲ, ਨਵੀਨ ਸਿੰਗਲਾ, ਆਰ ਐਨ ਕਾਂਸਲ, ਸੰਦੀਪ ਜੈਨ, ਵਿਕਰਮ ਗੋਇਲ, ਵਿਨੋਦ ਗਰਗ ਬੋਬੀ, ਹਰੀਸ਼ ਗੋਇਲ, ਰਜਨੀਸ਼ ਗਰਗ, ਐਡਵੋਕੇਟ ਨਵੀਨ ਗਰਗ, ਹਰੀਸ਼ ਗੱਖੜ, ਰੁਪਿੰਦਰ ਸਿੰਘ ਸੱਗੂ, ਅਤੇ ਇਨਰਵੀਲ ਕਲੱਬ ਪ੍ਰਧਾਨ ਮੀਨੂੰ ਗੋਇਲ, ਇੰਦਰਾ ਸੰਧੇ, ਕੋਮਲ ਕਾਂਸਲ, ਮਿਲੀ ਗਰਗ, ਗਗਨਦੀਪ ਕੌਰ ਆਦਿ ਹਾਜ਼ਰ ਸਨ।