ਸੁਨਾਮ : ਸੁਨਾਮ ਵਿਖੇ ਅੱਖਾਂ ਦਾ ਹਸਪਤਾਲ ਬਣਾਉਣ ਲਈ ਰੋਟਰੀ ਦੇ ਜ਼ਿਲ੍ਹਾ ਗਵਰਨਰ ਰਹੇ ਘਣਸ਼ਿਆਮ ਕਾਂਸਲ ਵੱਲੋਂ ਪਾਏ ਵਡਮੁੱਲੇ ਯੋਗਦਾਨ ਬਦਲੇ ਨੇਤਰ ਬੈਂਕ ਸੰਮਤੀ ਵੱਲੋਂ ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਘਣਸ਼ਿਆਮ ਕਾਂਸਲ ਵੱਲੋਂ ਕੀਤੇ ਯਤਨਾਂ ਸਦਕਾ ਇੱਕ ਲੱਖ ਅਮਰੀਕਨ ਡਾਲਰ ਰੋਟਰੀ ਇੰਟਰਨੈਸ਼ਨਲ ਵੱਲੋਂ ਅੱਖਾਂ ਦਾ ਹਸਪਤਾਲ ਬਣਾਉਣ ਲਈ ਸਹਿਯੋਗ ਦਿੱਤਾ ਗਿਆ ਹੈ। ਸਨਿੱਚਰਵਾਰ ਨੂੰ ਸੁਨਾਮ ਵਿਖੇ ਸ਼ਹਿਰ ਦੇ ਇੱਕ ਰੈਸਟੋਰੈਂਟ ਵਿਖੇ ਨੇਤਰ ਬੈਂਕ ਸੰਮਤੀ ਵੱਲੋਂ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਆਯੋਜਿਤ ਗਿਆ, ਜਿਸ ਵਿੱਚ ਪ੍ਰਬੰਧਕਾਂ ਵੱਲੋਂ ਘਣਸ਼ਿਆਮ ਕਾਂਸਲ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸੁਰੇਸ਼ ਜੈਨ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲਗਨ ਨਾਲ ਸੇਵਾ ਪ੍ਰਤੀ ਕਾਰਜਸ਼ੀਲ ਨੇਤਰ ਬੈਂਕ ਸੰਮਤੀ ਵਧਾਈ ਦੀ ਪਾਤਰ ਹੈ ਜੋ ਮਨੁੱਖਤਾ ਦੀ ਸੇਵਾ ਲਈ ਅੱਖਾਂ ਦਾ ਬਹੁਤ ਵਧੀਆ ਮੁਫ਼ਤ ਹਸਪਤਾਲ ਬਣਾਉਣ ਜਾ ਰਹੀ ਹੈ। ਜਿੱਥੇ ਹਰ ਕੋਈ ਬਿਨਾਂ ਕਿਸੇ ਭੇਦ ਭਾਵ ਤੋਂ ਆਪਣਾ ਇਲਾਜ ਕਰਵਾ ਸਕੇਗਾ। ਇਸ ਪਵਿੱਤਰ ਕਾਰਜ ਲਈ ਸ਼ਹਿਰ ਦੀ ਹਰ ਸਮਾਜ ਸੇਵੀ ਸੰਸਥਾ ਅਤੇ ਹਰ ਵਿਅਕਤੀ ਇਸ ਨੇਕ ਕਾਰਜ ਲਈ ਭਰਪੂਰ ਸਹਿਯੋਗ ਪਾ ਰਿਹਾ ਹੈ ਇਸ ਤਰ੍ਹਾਂ ਭਾਈਚਾਰਕ ਸਾਂਝ ਲਈ ਸੁਖਾਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਨੇਤਰ ਬੈਂਕ ਸੰਮਤੀ ਕੰਮ ਕਰ ਰਹੀ ਹੈ ਇਸ ਤੋਂ ਲੱਗਦਾ ਹੈ ਕਿ ਪੂਰੇ ਉੱਤਰ ਭਾਰਤ ਵਿੱਚ ਇਹਨਾਂ ਦੇ ਮੁਕਾਬਲੇ ਵਿੱਚ ਕੋਈ ਸੰਸਥਾ ਕੰਮ ਕਰ ਰਹੀ ਹੋਵੇ ਉਨ੍ਹਾਂ ਸੰਸਥਾ ਵੱਲੋਂ 15 ਹਜ਼ਾਰ ਦੇ ਕਰੀਬ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਨੂੰ ਇੱਕ ਰਿਕਾਰਡ ਦੱਸਿਆ।ਇਸ ਤੋਂ ਇਲਾਵਾ ਸੰਮਤੀ ਵੱਲੋਂ ਅੱਖਾਂ ਦਾਨ ਲੈਕੇ ਅੱਗੇ ਲੋੜਵੰਦ ਵਿਅਕਤੀ ਨੂੰ ਅੱਖਾਂ ਲਗਵਾਉਣ ਨਾਲ ਜ਼ਿਲ੍ਹੇ ਸੰਗਰੂਰ ਨੂੰ ਅੰਨ੍ਹੇ ਪਣ ਤੋਂ ਮੁਕਤ ਕਰਨ ਲਈ ਵੀ ਸੰਮਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਹਸਪਤਾਲ ਲਈ ਬਿਲਡਿੰਗ ਦਾਨ ਕਰਨ ਵਾਲੇ ਸੁਰੇਸ਼ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਤੇ ਹਸਪਤਾਲ ਵਿੱਚ ਮਸੀਨਰੀ ਲਈ ਜ਼ਿਲ੍ਹਾ ਰੋਟਰੀ ਗਵਰਨਰ ਘਣਸ਼ਿਆਮ ਕਾਂਸਲ ਜਿਨ੍ਹਾਂ ਨੇ ਰੋਟਰੀ ਤੋਂ ਇੱਕ ਲੱਖ ਅਮਰੀਕਨ ਡਾਲਰ ਦਿੱਤੇ ਹਨ ਦਾ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਵੱਲੋਂ ਵੀ ਸੰਮਤੀ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਰੋਟਰੀ ਦੇ ਜ਼ਿਲ੍ਹਾ ਗਵਰਨਰ ਰਹੇ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਕੁੱਲ 4 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਵੱਖ ਵੱਖ ਸ਼ਹਿਰਾਂ ਵਿਖੇ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਸੁਨਾਮ ਅੱਖਾਂ ਦੇ ਹਸਪਤਾਲ ਲਈ ਇਕ ਲੱਖ ਡਾਲਰ, ਟਾਟਾ ਕੈਂਸਰ ਹਸਪਤਾਲ ਸੰਗਰੂਰ ਨੂੰ 50 ਹਜ਼ਾਰ ਡਾਲਰ,ਸਿਵਲ ਹਸਪਤਾਲ ਧੂਰੀ ਨੂੰ 25 ਹਜ਼ਾਰ ਡਾਲਰ ਫਾਇਰ ਬ੍ਰਿਗੇਡ ਧੂਰੀ ਨੂੰ 35 ਹਜ਼ਾਰ ਡਾਲਰ, ਸਾਲਾਸਰ ਧਰਮਸ਼ਾਲਾ ਵਿਖੇ ਪਖਾਨੇ ਬਣਾਉਣ ਲਈ 25 ਹਜ਼ਾਰ ਡਾਲਰ, ਸਿਵਲ ਹਸਪਤਾਲ ਸਮਾਣਾ ਵਿਖੇ ਰੰਗੀਨ ਐਕਸਰੇ ਮਸ਼ੀਨ ਲਈ 25 ਹਜ਼ਾਰ ਡਾਲਰ ਅਤੇ ਸੁਨਾਮ, ਸੰਗਰੂਰ ਅਤੇ ਧੂਰੀ ਦੇ ਸਕੂਲਾਂ ਨੂੰ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ 50 ਹਜ਼ਾਰ ਡਾਲਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹੋਰ ਫੰਡ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਮੁਹਈਆ ਕਰਵਾਈ ਜਾਵੇਗੀ। ਜਗਦੀਪ ਭਾਰਦਵਾਜ ਨੇ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।ਇਸ ਮੌਕੇ ਹੋਰਨਾਂ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਪ੍ਰਿਤਪਾਲ ਸਿੰਘ ਹਾਂਡਾ, ਅਨਿਲ ਜੁਨੇਜਾ, ਰੋਟਰੀ ਕਲੱਬ ਦੇ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ, ਗੋਪਾਲ ਸ਼ਰਮਾ, ਗਿਆਨ ਸਿੰਘ ਸੰਧੇ, ਪਰਵੀਨ ਜੈਨ, ਪ੍ਰਮੋਦ ਕੁਮਾਰ ਨੀਟੂ, ਰਾਕੇਸ਼ ਕੁਮਾਰ, ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਆਦਿ ਹਾਜ਼ਰ ਸਨ।