ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਮੌਜੂਦਾ ਸਥਿਤੀ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਆਪਣੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਵਾਉਣ ਸੂਬਿਆਂ ਤੇ ਮਸਲਿਆਂ ਦੇ ਵਿਕਾਸ ਨੂੰ ਉੱਪਰ ਚੁੱਕਣ ਅਤੇ ਲੁੜੇਦੀਆਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਲੋਕਤੰਤਰਿਕ ਢੰਗ ਨਾਲ ਆਪਣੇ ਨੁਮਾਇੰਦੇ ਚੁਣਦੇ ਹਨ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਮੌਜੂਦਾ ਸਮੇਂ ਦੌਰਾਨ ਗਰੀਬੀ, ਬੇਰੁਜ਼ਗਾਰੀ, ਨਸ਼ਾ ਤਸ਼ਕਰੀ, ਭ੍ਰਿਸਟਾਚਾਰ ਵਿਗੜ ਚੁੱਕਿਆ ਵਾਤਾਵਰਨ ਤੇ ਧਰਤੀ ਹੇਠਲਾ ਪਾਣੀ ਡੁੰਘਾਈ ਤੱਕ ਪਹੁੰਚਣਾ, ਸੂਬਿਆਂ ਦਾ ਆਪਸੀ ਟਕਰਾ ਅਜਿਹੇ ਅਨੇਕਾਂ ਮੁੱਦੇ ਹਨ ਲੋਕਾਂ ਦੁਆਰਾ ਚੁਣੇ ਜਾਣ ਤੇ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਸੰਸਦ ਵਿੱਚ ਚੁੱਕਿਆ ਨਹੀਂ ਜਾਂਦਾ ਜਦੋਂ ਕਿ ਇਹਨਾਂ ਬੁਨਿਆਦੀ ਮਸਲਿਆਂ ਦੇ ਹੱਲ ਸਮੇਂ ਸਿਰ ਨਿਕਲਨੇ ਚਾਹੀਦੇ ਹਨ ਤਾਂ ਹੀ ਦੇਸ਼ ਰਾਜ ਅਤੇ ਲੋਕਾਂ ਦੀ ਆਵਾਜ਼ ਨੂੰ ਬੂਰ ਪੈ ਸਕੇਗਾ। ਪ੍ਰੋਫੈਸਰ ਬਡੁੰਗਰ ਨੇ ਕਿਹਾ ਪੰਜਾਬ ਨੂੰ ਅਜੇ ਤੱਕ ਵੀ ਪੰਜਾਬ ਦਾ ਹੱਕ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਜਦੋਂ ਕਿ ਪੰਜਾਬ ਨੂੰ ਆਪਣੀ ਰਾਜਧਾਨੀ ਚੰਡੀਗੜ੍ਹ ਮਿਲਣੀ ਚਾਹੀਦੀ ਸੀ, ਕਿਉਂਕਿ ਚੰਡੀਗੜ੍ਹ ਪੰਜਾਬ ਦੇ ਅਨੇਕਾਂ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸ਼ਹਿਰ ਹੈ ਅਤੇ ਇੱਥੇ ਹੀ ਬੱਸ ਨਹੀਂ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੀ 60 ਤੇ 40 ਦੀ ਰੇਸ਼ੋ ਨੌਕਰੀਆਂ ਆਦਿ ਦੀ ਨਿਰਧਾਰਿਤ ਕੀਤੀ ਗਈ ਸੀ ਕਿ 60% ਹੱਕ ਚੰਡੀਗੜ੍ਹ ਤੇ ਪੰਜਾਬ ਦੇ ਬੁਨਿਆਦੀ ਹਿੱਤਾਂ ਦਾ ਰਹੇਗਾ ਅਤੇ 40% ਹਰਿਆਣਾ ਦਾ ਰਹੇਗਾ ਪ੍ਰੰਤੂ ਇਹਨਾਂ ਸਾਰੇ ਨਿਯਮਾਂ ਨੂੰ ਅੱਜ ਛਿੱਕੇ ਟੰਗਿਆ ਜਾ ਰਿਹਾ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਦੇਸ਼ ਅਤੇ ਰਾਜ ਦੇ ਹਿੱਤ ਲਈ ਪਾਰਲੀਮੈਂਟ ਵਿੱਚ ਸਰਕਾਰੀ ਅਤੇ ਵਿਰੋਧੀ ਧਿਰ ਨੂੰ ਮਿਲ ਬੈਠ ਕੇ ਇਹਨਾਂ ਗੰਭੀਰ ਰਾਸ਼ਟਰੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।