ਸੁਨਾਮ : ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੀਟਿੰਗ ਕਰਕੇ ਸ਼ਹੀਦ ਊਧਮ ਸਿੰਘ ਨਾਲ ਜੁੜੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ। ਇਸ ਸਬੰਧੀ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਸੁਨਾਮ ਵਿਖੇ ਬਣੇ ਮੈਮੋਰੀਅਲ ਵਿਚਲੀਆਂ ਹੋਰਨਾਂ ਮੰਗਾਂ ਬਾਰੇ ਜਾਣੂੰ ਕਰਵਾਇਆ ਗਿਆ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਤੋਂ ਸੇਧ ਲੈਕੇ ਸਮਾਜ ਲਈ ਕੁੱਝ ਕਰ ਸਕਣ। ਮੈਡਮ ਦਾਮਨ ਬਾਜਵਾ ਨੇ ਪਿਛਲੇ ਸਮੇਂ ਵਿੱਚ ਆਪਣੀਆਂ ਲਿਖੀਆਂ ਚਿੱਠੀਆਂ ਦਾ ਵੇਰਵਾ ਦਿੰਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਂਖਾਵਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਸ਼ਹਿਰ ਸੁਨਾਮ ਵਿਖੇ ਬੜੀ ਹੀ ਮਿਹਨਤ ਸਿਦਕ ਨਾਲ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਮੈਮੋਰੀਅਲ ਤਾਂ ਬਣਵਾ ਲਿਆ ਸੀ, ਪਰ ਉਸ ਮੈਮੋਰੀਅਲ ਵਿੱਚ ਹੋਰ ਬਹੁਤ ਕੁੱਝ ਕੇਂਦਰ ਦੀ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾ ਸਕਦਾ ਹੈ ਤਾਂ ਜੋ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ ਤੇ ਸੁਨਾਮ ਸ਼ਹਿਰ ਦਾ ਵੱਡੇ ਪੱਧਰ ਤੇ ਵਿਕਾਸ ਹੋ ਸਕੇ ਅਤੇ ਇੱਥੋਂ ਦੇ ਵਸਨੀਕਾਂ ਨੂੰ ਰੁਜ਼ਗਾਰ ਦੇ ਮੋਕੇ ਵੀ ਪ੍ਰਾਪਤ ਹੋਣ ਤੇ ਸ਼ਹਿਰ ਦਾ ਨਾਮ ਵੀ ਦੇਸ਼ ਅਤੇ ਵਿਸ਼ਵ ਦੇ ਨਕਸ਼ੇ ਤੇ ਉੱਭਰ ਕੇ ਆਵੇ। ਦਾਮਨ ਬਾਜਵਾ ਨੇ ਲਿਖਿਆ ਕਿ ਉਹ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਮੈਮੋਰੀਅਲ ਦਾ ਦੌਰਾ ਕਰਨ ਅਤੇ ਦੇਖਣ ਵੀ ਇਸ ਮੈਮੋਰੀਅਲ ਦਾ ਹੋਰ ਕਿਸ ਤਰੀਕੇ ਨਾਲ ਨਵੀਨੀਕਰਨ ਕੀਤਾ ਜਾ ਸਕਦਾ ਹੈ ਜਿਸ ਵਿੱਚ ਕੋਈ ਵੱਡੀ ਲਾਇਬ੍ਰੇਰੀ, ਵੱਡਾ ਮਿਊਜ਼ੀਅਮ, ਓਪਨ ਥੀਏਟਰ ਜਾਂ ਕੁਝ ਅਜਿਹਾ ਵਿਸ਼ਵ ਪੱਧਰੀ ਕੀ ਬਣ ਸਕਦਾ ਹੈ ਜਿਸ ਨੂੰ ਦੂਰ ਦੁਰਾਡੇ ਤੋਂ ਲੋਕ ਦੇਖਣ ਆਉਣ।