ਮਾਲੇਰਕੋਟਲਾ : ਪਾਵਰਕਾਮ ਅਤੇ ਟਰਾਂਸਕੋ ਦੇ ਸੇਵਾ ਮੁਕਤ ਕਾਮਿਆਂ ਦੀ ਸਰਬ ਸਾਂਝੀ ਜੱਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਕੋ, ਮੰਡਲ ਕਮੇਟੀ ਮਾਲੇਰਕੋਟਲਾ ਦੀ ਮਹੀਨਾਵਾਰ ਜਨਰਲ ਮੀਟਿੰਗ ਸਾਥੀ ਜਰਨੈਲ ਸਿੰਘ ਪੰਜਗਰਾਈਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਮੂਹ ਮੰਡਲ ਨਾਲ ਸਬੰਧਤ ਪੈਨਸ਼ਨਰਜ਼ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਧਾਰੀ ਟਾਲਮਟੋਲ ਵਾਲੀ ਨੀਤੀ ਦੀ ਪੁਰਜ਼ੋਰ ਨਿੰਦਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼੍ਰੀ ਜਰਨੈਲ ਸਿੰਘ ਪੰਜਗਰਾਈਆਂ, ਸਰਕਲ ਪ੍ਰਧਾਨ ਸ਼੍ਰੀ ਪਿਆਰਾ ਲਾਲ, ਪਰਮਜੀਤ ਸ਼ਰਮਾ, ਮਿਰਜ਼ਾ ਸਿੰਘ, ਨਾਜ਼ਰ ਸਿੰਘ ਲਸੋਈ, ਸੁਖਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ, ਗੱਲਬਾਤ ਤੋਂ ਲਗਾਤਾਰ ਭੱਜ ਰਹੇ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਚਿਰਾਂ ਤੋਂ ਲਟਕਦੇ ਆ ਰਹੇ ਮੁਸਲਿਆਂ ਪ੍ਰਤੀ ਗੈਰ ਸੰਜੀਦਾ ਰਵੱਈਆ ਅਪਣਾ ਰਹੇ ਹਨ। ਜਿਸ ਕਰਕੇ ਸਾਡੇ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਆਗੂਆਂ ਨੇ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਬਕਾਏ ਅਦਾ ਕੀਤੇ ਜਾਣ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮੀਟਿੰਗ ਕਰਕੇ ਸਾਰੇ ਮਸਲਿਆਂ ਦਾ ਇੱਕ ਮੁਸ਼ਤ ਨਿਪਟਾਰਾ ਕੀਤਾ ਜਾਵੇ। ਜੇਕਰ ਮਸਲਿਆਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਸਾਂਝਾ ਸੰਘਰਸ਼ ਮੁਲਾਜ਼ਮ ਤੇ ਪੈਨਸ਼ਨਰਜ਼ ਪੰਜਾਬ ਵੱਲੋਂ ਜੋ ਵੀ ਸੰਘਰਸ਼ ਉਲੀਕੇ ਜਾਣਗੇ ਉਨ੍ਹਾਂ ਵਿੱਚ ਮੰਡਲ ਮਾਲੇਰਕੋਟਲਾ ਦੇ ਪੈਨਸ਼ਨਰਜ਼ ਸਾਥੀ ਵਧ ਚੜ੍ਹ ਕੇ ਯੋਗਦਾਨ ਪਾਉਣਗੇ। ਇਸ ਮੌਕੇ ਹਰਮਿੰਦਰ ਕੁਮਾਰ ਜੇ.ਈ., ਬਸ਼ੀਰ ਉਲ ਹੱਕ, ਸੋਢੀ ਸਿੰਘ, ਗੁਰਚਰਨ ਦਾਸ, ਅਵਿਨਾਸ਼ ਚੋਪੜਾ, ਬਲਦੇਵ ਸਿੰਘ ਅਲੀਪੁਰ ਆਦਿ ਸਾਥੀ ਹਾਜ਼ਰ ਸਨ।