ਸੁਨਾਮ : ਭਾਰਤੀ ਹਾਕੀ ਟੀਮ ਵੱਲੋਂ ਪੈਰਿਸ ਉਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਦੀ ਖੁਸ਼ੀ ਵਿੱਚ ਸ਼ਹੀਦ ਊਧਮ ਸਿੰਘ ਹਾਕੀ ਕਲੱਬ ਸੁਨਾਮ ਵੱਲੋਂ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਹਾਕੀ ਖਿਡਾਰੀਆਂ ਨੇ ਕੇਕ ਕੱਟਿਆ, ਲੱਡੂ ਵੰਡੇ ਅਤੇ ਆਤਸ਼ਬਾਜ਼ੀ ਕੀਤੀ ਗਈ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਦੇ ਹਾਕੀ ਗਰਾਂਊਂਡ ਵਿੱਚ ਇਕੱਤਰ ਹੋਏ ਗੁਰਪ੍ਰੀਤ ਸਿੰਘ ਚੀਮਾਂ ਹਾਕੀ ਕੋਚ, ਕੁਲਵੀਰ ਸਿੰਘ ਖਾਲਸਾ ਸੀਨੀਅਰ ਹਾਕੀ ਖਿਡਾਰੀ, ਕੁਲਵੰਤ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਸਹਿਜਪ੍ਰੀਤ ਸਿੰਘ ਤੇ ਹੋਰਨਾਂ ਖਿਡਾਰੀਆਂ ਨੇ ਭਾਰਤੀ ਹਾਕੀ ਟੀਮ ਵੱਲੋਂ ਪੈਰਿਸ ਉਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਾਕੀ ਖੇਡ ਵਿੱਚ ਆ ਰਹੇ ਨਿਖਾਰ ਕਾਰਨ ਨੌਜ਼ਵਾਨਾਂ ਵਿੱਚ ਹਾਕੀ ਪ੍ਰਤੀ ਸਮਰਪਿਤ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਵਿੱਚ ਦਸ ਖਿਡਾਰੀ ਪੰਜਾਬ ਦੇ ਖੇਡ ਰਹੇ ਹਨ ਇਹ ਪੰਜਾਬੀਆਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੜ੍ਹਾਈ ਦੇ ਨਾਲ ਖੇਡਾਂ ਵੱਲ ਵੀ ਰੁਚੀ ਰੱਖਣ, ਤਾਂ ਜੋ ਸਰੀਰਕ ਤੰਦਰੁਸਤੀ ਦੇ ਨਾਲ ਪੰਜਾਬ ਦਾ ਨਾਮ ਉਲੰਪਿਕ ਤੱਕ ਹਮੇਸ਼ਾ ਗੂੰਜਦਾ ਰਹੇ।