ਪਟਿਆਲਾ : ਜ਼ਿਲ੍ਹਾ ਯੋਜਨਾ ਕਮੇਟੀ ਦਫ਼ਤਰ ਪਟਿਆਲਾ ਵਿਖੇ ਅੱਜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਸਮੂਹ ਬਲਾਕਾਂ ਦੇ ਸੀ.ਡੀ.ਪੀ.ਓਜ਼, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆਂ ਅਫ਼ਸਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਚੱਲ ਰਹੀਆ ਸਕੀਮਾਂ ਨੂੰ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਦੀ ਹਦਾਇਤ ਕੀਤੀ। ਮੀਟਿੰਗ ਦੌਰਾਨ ਜਸਵੀਰ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆਂ ਅਫ਼ਸਰ, ਪ੍ਰਦੀਪ ਸਿੰਘ ਗਿੱਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼, ਜਸਵਿੰਦਰ ਕੌਰ ਸਹਾਇਕ ਖੋਜ਼ ਅਫ਼ਸਰ ਦਫ਼ਤ਼ਰ ਉਪ ਅਰਥ ਅਤੇ ਅੰਕੜਾ ਸਲਾਹਕਾਰ, ਬਿਕਰਮਜੀਤ ਸਿੰਘ ਇਨਵੈਸਟੀਗੇਟਰ ਹਾਜ਼ਰ ਰਹੇ।
ਇਸ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਪਟਿਆਲਾ ਜਿਲ੍ਹੇ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਵਿਭਾਗ ਦੇ ਅਧਿਕਾਰੀਆਂ ਨੇ ਜਾਣੂੰ ਕਰਵਾਇਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਅਧਿਕਾਰੀਆਂ ਨੇ ਚੇਅਰਮੈਨ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1829 ਆਂਗਣਵਾੜੀ ਸੈਂਟਰਾਂ ਵਿਚ ਔਰਤਾਂ ਅਤੇ ਬੱਚਿਆਂ ਦੀ ਪੋਸ਼ਣ ਸਥਿਤੀ ਵਿਚ ਸੁਧਾਰ ਕਰਨ ਲਈ ਵਿਭਾਗ ਆਂਗਣਵਾੜੀ ਸੇਵਾਵਾਂ ਦੇ ਤਹਿਤ ਪੂਰਕ ਪੋਸ਼ਣ ਪ੍ਰੋਗਰਾਮ ਲਾਗੂ ਕਰ ਰਿਹਾ ਹੈ। ਆਈ.ਸੀ.ਡੀ.ਐਸ ਯੋਜਨਾ ਦੇ ਤਹਿਤ (6 ਮਹੀਨੇ ਤੋਂ 6 ਸਾਲ ਦੇ ਬੱਚਿਆਂ), ਗਰਭਵਤੀ ਔਰਤਾਂ ਤੇ ਕਿਸ਼ੋਰ ਲੜਕੀਆਂ ਲਈ ਯੋਜਨਾ ਲਾਗੂ ਕੀਤੀ ਹੋਈ ਹੈ।ਦੁੱਧ ਪਿਲਾਉ ਮਾਵਾਂ ਅਤੇ ਸਕੂਲਾਂ ਤੋਂ ਬਾਹਰ ਕਿਸ਼ੋਰ ਲੜਕੀਆਂ (11 ਤੋਂ 14 ਸਾਲ) ਨੂੰ ਸੇਵਾਵਾਂ ਮੁਹੱਈਆ ਕਰਵਾਈ ਜਾ ਰਹੀ ਹੈ।ਵਿਤੀ ਸਾਲ 2024-25 ਪਹਿਲੀ ਤਿਮਾਹੀ ਦੌਰਾਨ ਜਿਲ੍ਹਾ ਮਾਰਕਫੈਡ ਪਟਿਆਲਾ ਨੂੰ ਮਿੱਠਾ ਦਲੀਆ, ਨਮਕੀਨ ਦਲੀਆ, ਖਿੱਚੜੀ, ਪੰਜੀਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਸਮੂਹ ਬਲਾਕਾਂ ਲਈ 50806438 ਲੱਖ ਰੁਪਏ ਦੀ ਖਰੀਦ ਕਰਕੇ 1829 ਆਂਗਣਵਾੜੀ ਸੈਂਟਰਾਂ ਨੂੰ ਮੁਹੱਈਆ ਕਰਵਾਇਆ ਗਿਆ।
ਇਸੇ ਤਰ੍ਹਾਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਬੁਨਿਆਦੀ ਪੱਧਰ ਉਤੇ ਸਿਖਲਾਈ, ਸੂਖਮਤਾ ਭਾਵ ਤੇ ਜਾਗਰੂਕਤਾ ਅਤੇ ਆਮ ਜਨਤਾ ਵਿਚ ਗਤੀਸ਼ੀਲਤਾ ਲਿਆ ਕੇ ਮਾਨਸਿਕਤਾ ਬਦਲਣ ਉਤੇ ਵਧੇਰੇ ਜੋਰ ਦਿਤਾ ਗਿਆ ਹੈ। ਸਖੀ ਵਨ ਸਟਾਪ ਸੈਂਟਰ ਪਟਿਆਲਾ ਮੌਜੂਦਾ ਸਮੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਚੱਲ ਰਿਹਾ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਪੀੜ੍ਹਤ ਔਰਤ ਅਤੇ ਲੜਕੀਆਂ ਨੂੰ ਇੱਕੋ ਛੱਤ ਥੱਲੇ ਕਾਊਂਸਲਿੰਗ, ਮਨੋਵਿਗਿਆਨਕ ਕਾਉਂਸਲਿੰਗ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ ਤੇ ਅਸਥਾਈ ਆਸਰਾ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆਂ ਅਫ਼ਸਰ ਦੇ ਅਧਿਕਾਰੀਆਂ ਵੱਲੋਂ ਚੇਅਰਮੈਨ ਨੂੰ ਦੱਸਿਆ ਗਿਆ ਕਿ ਮਹੀਨਾ ਜੁਲਾਈ ਦੌਰਾਨ 2,32,142 ਲਾਭਪਾਤਰੀਆਂ ਨੂੰ 352713000 ਰੁਪਏ ਦੀ ਰਾਸ਼ੀ ਦੀ ਅਦਾਇਗੀ ਕੀਤੀ ਗਈ ਹੈ। ਚੇਅਰਮੈਨ ਜਸਵੀਰ ਸਿੰਘ, ਜੱਸੀ ਸੋਹੀਆਂ ਵਾਲਾ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਲੋਕ ਸੇਵਾ ਦੇ ਮਹਿਕਮੇ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਈ ਜਾਵੇ ਤੇ ਲਾਭਪਾਤਰੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਬੱਚਿਆਂ ਅਤੇ ਔਰਤਾਂ ਦਾ ਕੁਪੋਸ਼ਣ ਦੂਰ ਕਰ ਲਈ ਲਗਾਤਾਰ ਯਤਨ ਕੀਤੇ ਜਾਣ ਅਤੇ ਯੋਗ ਵਿਅਕਤੀਆਂ ਨੂੰ ਪੈਨਸ਼ਨ ਪਹਿਲ ਦੇ ਆਧਾਰ ਤੇ ਲੱਗਣੀ ਚਾਹੀਦੀ ਹੈ l
ਇਸ ਇਲਾਵਾ ਚੇਅਰਮੈਨ ਵੱਲੋਂ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ ਅਤੇ ਉਨਾਂ ਨੂੰ ਅੱਗੇ ਹੋਰ ਵਧੀਆ ਸੇਵਾਵਾਂ ਪ੍ਰਦਾਨ ਕਰਨ ਦੀ ਹੱਲਾਸ਼ੇਰੀ ਦਿੱਤੀ l