ਛੇ ਜ਼ਿਲ੍ਹਿਆਂ ਦੇ 4558 ਲਿਖਤੀ ਪ੍ਰੀਖਿਆ ਪਾਸ ਨੌਜਵਾਨਾਂ ਦਾ 11 ਸਤੰਬਰ ਤੋਂ ਹੋਵੇਗਾ ਫਿਜ਼ੀਕਲ ਟੈਸਟ : ਭਰਤੀ ਡਾਇਰੈਕਟਰ
ਪਟਿਆਲਾ : ਪਟਿਆਲਾ ਵਿਖੇ ਭਾਰਤੀ ਫ਼ੌਜ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ, ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ 4558 ਲਿਖਤੀ ਪ੍ਰੀਖਿਆ ਪਾਸ ਨੌਜਵਾਨਾਂ ਦਾ 11 ਸਤੰਬਰ ਤੋਂ ਫਿਜ਼ੀਕਲ ਟੈਸਟ ਰਾਜਾ ਭਲਿੰਦਰ ਸਿੰਘ ਸਪੋਰਟਸ ਸਟੇਡੀਅਮ ਪੋਲੋ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੇ ਫ਼ੌਜੀ ਭਰਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫ਼ੌਜ, ਸਿਵਲ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 11 ਸਤੰਬਰ ਤੋਂ 18 ਸਤੰਬਰ ਤੱਕ ਚੱਲਣ ਵਾਲੀ ਇਸ ਆਰਮੀ ਭਰਤੀ ਰੈਲੀ ਦੀਆਂ ਤਿਆਰੀ ਸਬੰਧਤ ਵਿਭਾਗਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਪਟਿਆਲਾ ਸਮੇਤ ਸੰਗਰੂਰ, ਫ਼ਤਿਹਗੜ੍ਹ ਸਾਹਿਬ, ਬਰਨਾਲਾ, ਮਾਲੇਰਕੋਟਲਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਲਿਖਤੀ ਪ੍ਰੀਖਿਆ ਪਾਸ ਉਮੀਦਵਾਰ ਹਿੱਸਾ ਲੈਣਗੇ।
ਮੀਟਿੰਗ ਦੌਰਾਨ ਭਰਤੀ ਡਾਇਰੈਕਟਰ ਕਰਨਲ ਜੀ.ਆਰ.ਐਸ ਰਾਜਾ ਨੇ ਦੱਸਿਆ ਕਿ 11 ਸਤੰਬਰ ਤੋਂ 18 ਸਤੰਬਰ ਤੱਕ ਚੱਲਣ ਵਾਲੀ ਭਰਤੀ ਰੈਲੀ ਵਿੱਚ ਛੇ ਜ਼ਿਲ੍ਹਿਆ ਦੇ 4558 ਨੌਜਵਾਨ ਉਮੀਦਵਾਰ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਦੀ ਭਰਤੀ ਲਈ ਜ਼ਿਲ੍ਹਾ ਵਾਰ ਰੋਸਟਰ ਬਣਾਇਆ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਹਿਯੋਗ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਰਤੀ ਨੂੰ ਫ਼ੌਜ ਵੱਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਫ਼ਲ ਬਣਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਭਰਤੀ ਰੈਲੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਟ੍ਰੈਫਿਕ ਡਾਇਰਵਰਸ਼ਨ, ਮੈਡੀਕਲ ਐਮਰਜੈਂਸੀ ਸਹੂਲਤ, ਮੋਬਾਇਲ ਟੁਆਲਿਟਸ, ਪੀਣ ਵਾਲੇ ਪਾਣੀ ਦੇ ਟੈਂਕਰ, ਮੀਂਹ ਤੋਂ ਬਚਣ ਲਈ ਆਰਜੀ ਤਰਪਾਲ ਸ਼ੈਲਟਰ, ਲਾਇਟਾਂ, ਟ੍ਰੈਫਿਕ ਪ੍ਰਬੰਧਨ ਲਈ ਬੈਰੀਗੇਟਿੰਗ, ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ, ਨਗਰ ਨਿਗਮ ਵੱਲੋਂ ਘਾਹ ਦੀ ਕਟਾਈ ਤੇ ਸਾਫ਼-ਸਫ਼ਾਈ ਆਦਿ ਦੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਪੀ.ਆਰ.ਟੀ.ਸੀ. ਵੱਲੋਂ ਨੌਜਵਾਨਾਂ ਦੀ ਆਵਾਜਾਈ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਕਰਨਲ ਵਿਨੋਦ, ਡਿਪਟੀ ਡਾਇਰੈਕਟਰ ਰੋਜ਼ਗਾਰ ਬਿਊਰੋ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਤੋਂ ਪਰਮਜੀਤ ਸਿੰਘ ਤੇ ਕਰਨਬੀਰ ਸਿੰਘ, ਪੀ.ਆਰ.ਟੀ.ਸੀ ਤੋਂ ਅਮਨਵੀਰ ਸਿੰਘ ਟਿਵਾਣਾ ਸਮੇਤ ਨਗਰ ਨਿਗਮ, ਜਲ ਸਪਲਾਈ ਤੇ ਸੈਨੀਟੇਸ਼ਨ, ਮੰਡੀ ਬੋਰਡ, ਬਿਜਲੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।