ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ 1718 ਕਿਸਾਨਾਂ ਨੂੰ 29.70 ਲੱਖ ਦੀ ਸਬਸਿਡੀ ਤੇ ਦਿੱਤਾ 2970 ਕੁਇੰਟਲ ਕਣਕ ਦਾ ਬੀਜ
ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਜ਼ਿਲ੍ਹੇ ਦੇ 43895 ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ 6,000/- ਰੁਪਏ ਸਲਾਨਾ
ਫ਼ਤਹਿਗੜ੍ਹ ਸਾਹਿਬ : ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿੱਚੋਂ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਮੁਕੰਮਲ ਖਾਤਮਾ ਕਰਨ ਦੇ ਮੰਤਵ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪ੍ਰਮੋਸ਼ਨ ਆਫ ਐਗਰੀਕਲਚਰ ਮੈਕਨਾਈਜੇਸ਼ਨ ਫਾਰ ਇੰਨਸਿਟੂ (ਸੀ.ਆਰ.ਐਮ.) ਅਧੀਨ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਵਾਸਤੇ 80 ਫੀਸਦੀ ਤੱਕ ਦੀ ਸਬਸਿਡੀ ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜ਼ੋ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਵਾਹ ਕੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਸਾਲ 2023-24 ਦੌਰਾਨ 454 ਖੇਤੀ ਮਸ਼ੀਨਾ ਤੇ 5 ਕਰੋੜ 61 ਲੱਖ 33 ਹਜ਼ਾਰ 525 ਰੁਪਏ ਅਤੇ ਸਾਲ 2024-25 ਦੌਰਾਨ 222 ਖੇਤੀ ਮਸ਼ੀਨਾਂ ਤੇ 09 ਕਰੋੜ 54 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਨਿੱਜੀ ਕਿਸਾਨਾਂ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਤੇ ਕਸਟਮ ਹਾਈਰਿੰਗ ਸੈਂਟਰਾਂ ਨੂੰ ਸੁਪਰ ਸੀਡਰ, ਸੁਪਰ ਐਸ.ਐਮ.ਐਸ., ਪੈਡੀ ਚੌਪਰ-ਕਮ-ਸਪਰੈਡਰ, ਮਲਚਰ, ਹੈਪੀ ਸੀਡਰ, ਸਮਾਰਟ ਸੀਡਰ, ਪਲਟਾਵਾਂ ਹੱਲ, ਜੀਰੋ ਟਿੱਲ ਡਰਿੱਲ, ਬੇਲਰ ਅਤੇ ਰੈਕ ਆਦਿ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਅਤੇ ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਤੇ ਕਸਟਮ ਹਾਈਰਿੰਗ ਸੈਂਟਰਾਂ ਨੂੰ 80 ਫੀਸਦੀ ਸਬਸਿਡੀ ਤੇ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਸਾਲ 2023-24 ਦੌਰਾਨ ਵਿਅਕਤੀਗਤ ਕਿਸਾਨਾਂ ਨੂੰ 420 ਖੇਤੀ ਮਸ਼ੀਨਾ ਲਈ 05 ਕਰੋੜ 32 ਲੱਖ, 49 ਹਜ਼ਾਰ 125 ਰੁਪਏ ਅਤੇ ਸਹਿਕਾਰੀ ਸਭਾਵਾਂ ਨੂੰ 34 ਖੇਤੀ ਮਸ਼ੀਨਾ ਲਈ 28 ਲੱਖ 84 ਹਜ਼ਾਰ 400 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਜਦੋਂ ਕਿ ਸਾਲ 2024-25 ਦੌਰਾਨ ਨਿੱਜੀ ਕਿਸਾਨਾਂ ਨੂੰ 213 ਖੇਤੀ ਮਸ਼ੀਨਾ ਲਈ 07 ਕਰੋੜ 38 ਲੱਖ ਰੁਪਏ ਅਤੇ ਕਿਸਾਨ ਭਲਾਈ ਗਰੁੱਪਾਂ ਨੂੰ 2 ਕਰੋੜ 16 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸੁਚੱਜੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਾਫੀ ਕਮੀ ਆਈ ਹੈ। ਸਾਲ 2021 ਦੌਰਾਨ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ 1750 ਘਟਨਾਵਾਂ, ਸਾਲ 2022 ਦੌਰਾਨ 1150 ਅਤੇ ਸਾਲ 2023 ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੀਆਂ 803 ਘਟਨਾਵਾਂ ਰਿਪੋਰਟ ਹੋਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/-ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦੇਣ ਦੀ ਸਕੀਮ ਤਹਿਤ ਸਾਲ 2023-24 ਦੌਰਾਨ ਜ਼ਿਲ੍ਹੇ ਦੇ 73 ਕਿਸਾਨਾਂ ਵੰਲੋਂ 186.9 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਅਤੇ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ 06 ਲੱਖ 54 ਹਜ਼ਾਰ 210 ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ ਜਦੋਂ ਕਿ ਸਾਲ 2024-26 ਦੌਰਾਨ ਜ਼ਿਲ੍ਹੇ ਅੰਦਰ 650 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 80 ਕਿਸਾਨਾਂ ਨੂੰ 09 ਲੱਖ 75 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਜ਼ਿਲ੍ਹੇ ਦੇ 43895 ਕਿਸਾਨ ਰਜਿਸਟਰਡ ਕੀਤੇ ਗਏ ਹਨ ਜਿਨ੍ਹਾਂ ਨੂੰ 6000/- ਰੁਪਏ ਸਲਾਨਾਂ ਦੀ ਦਰ ਨਾਲ 17ਵੀਂ ਕਿਸ਼ਤ ਯੋਗ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਹੋਰ ਦੱਸਿਆ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਢਾਈ ਏਕੜ ਰਕਬੇ ਤੱਕ ਦੇ ਮਾਲਕ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਸਬਸਿਡੀ ਤੇ ਕਣਕ ਦਾ ਤਸਦੀਕਸ਼ੁਦਾ ਬੀਜ 50 ਫੀਸਦੀ ਸਬਸਿਡੀ ਤੇ ਦਿੱਤਾ ਜਾਂਦਾ ਹੈ । ਕਿਸਾਨ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000/-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਲੈ ਸਕਦੇ ਹਨ। ਸਕੀਮ ਅਧੀਨ ਜ਼ਿਲ੍ਹੇ ਦੇ 1718 ਕਿਸਾਨਾਂ ਨੂੰ 29 ਲੱਖ 70 ਹਜਾਰ ਰੁਪਏ ਦੀ ਸਬਸਿਡੀ ਤੇ 2970 ਕੁਇੰਟਲ ਕਣਕ ਦਾ ਬੀਜ ਵੰਡਿਆ ਗਿਆ ਹੈ।