ਫਤਹਿਗੜ੍ਹ ਸਾਹਿਬ : ਵਿਸ਼ਵ ਵਾਤਾਵਰਨ ਦਿਵਸ ਤੇ "ਪਲਾਂਟ ਫਾਰ ਮਦਰ" ਨਾਂ ਹੇਠ ਮੁਹਿੰਮ ਸ਼ੁਰੂ ਕੀਤੀ ਗਈ ਜਿਸਦਾ ਮੰਤਵ ਧਰਤੀ ਨੂੰ ਖੁਸ਼ਹਾਲ ਬਣਾਉਣ ਤੇ ਵਾਤਾਵਰਣ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬੂਟੇ ਲਗਾਉਣ ਲਈ ਪ੍ਰੇਰਿਤ ਕਰਨਾ ਹੈ।ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੋਗਰਾਮ ਅਫਸਰ, ਗਗਨਦੀਪ ਸਿੰਘ ਨੇ ਵੱਲੋਂ ਸਖੀ ਵਨ ਸਟਾਪ ਸੈਂਟਰ ਵਿਖੇ ਬੂਟੇ ਲਾਉਣ ਉਪਰੰਤ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਦੱਸਇਆ ਕਿ ਸੈਂਟਰ ਦੇ ਕਰਮਚਾਰੀਆਂ ਵੱਲੋਂ ਇਸ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਅਤੇ ਕਰਮਚਾਰੀਆਂ ਨੇ ਧਰਤੀ ਮਾਂ ਅਤੇ ਆਪਣੀ ਮਾਂ ਦੇ ਨਾਮ 'ਤੇ ਇਕ-ਇਕ ਰੁੱਖ ਸਮਰਪਿਤ ਕੀਤਾ ਅਤੇ ਇਸ ਦੇ ਬਣਨ ਤੱਕ ਇਸ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆਂ ਵਿੱਚ ਹਵਾ ਪਾਣੀ ਖਾਦ ਖੁਰਾਕ ਬੜੀ ਤੇਜ਼ੀ ਨਾਲ ਦੂਸ਼ਿਤ ਹੋ ਰਹੇ ਹਨ।
ਦੂਸ਼ਿਤ ਵਾਤਾਵਰਨ ਮਨੁੱਖੀ ਜੀਵਨ, ਪਸ਼ੂ ਪੰਛੀ ਅਤੇ ਬਨਸਪਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਇਸ ਲਈ ਸਾਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋ ਕੇ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਸ੍ਰੀਮਤੀ ਰਜਨੀ ਬਾਲਾ ਇੰਚਾਰਜ ਸਖੀ ਵਨ ਸਟਾਪ ਸੈਂਟਰ ਨੇ ਕਿਹਾ ਕਿ ਸੈਂਟਰ ਵਿਖੇ ਫਲਾਂ, ਫੁੱਲਾਂ ਅਤੇ ਛਾਂ ਵਾਲੇ ਰੁੱਖਾਂ ਦੇ ਬੂਟੇ (ਨਿੰਮ, ਪਾਮ ਪਲਾਂਟ, ਅਮਰੂਦ, ਤੁਲਸੀ, ਜਾਮੁਣ, ਗੁਲਮੋਹਰ, ਡੇਕ ਅਤੇ ਸੁਹੰਜਣਾ ਆਦਿ) ਲਗਾਏ ਗਏ ਤਾਂ ਜੋ ਹਵਾ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਅਤੇ ਹਰਿਆ ਭਰਿਆ ਭਾਰਤ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਅੱਜ ਦੀ ਪੀੜ੍ਹੀ ਵੱਲੋਂ ਲਗਾਏ ਗਏ ਰੁੱਖ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਸਾਬਿਤ ਹੋਣਗੇ।