ਸੁਨਾਮ : ਸੁਨਾਮ ਲਹਿਰਾ ਮੁੱਖ ਸੜਕ ਤੇ ਪੈਂਦੇ ਪਿੰਡ ਛਾਜਲੀ ਵਿਖੇ ਸਥਿਤ ਬੌਟਲਿੰਗ ਪਲਾਂਟ ਦਾ ਦੂਸ਼ਿਤ ਪਾਣੀ ਧਰਤੀ ਹੇਠ ਪਾਉਣ ਦੇ ਦੋਸ਼ਾਂ ਤਹਿਤ ਸਬੰਧਿਤ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮੁਕੱਦਮਾ ਦਰਜ਼ ਕਰਨ ਦੀ ਮੰਗ ਨੂੰ ਲੈਕੇ ਐਤਵਾਰ ਨੂੰ ਪਿੰਡ ਛਾਜਲੀ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਛਾਜਲੀ ਥਾਣੇ ਅੱਗੇ ਧਰਨਾ ਦੇਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਕੁੱਝ ਦਿਨ ਪਹਿਲਾਂ ਫਰਮ ਦੇ ਨਾਮ ਮੁਕੱਦਮਾ ਦਰਜ਼ ਕੀਤਾ ਸੀ। ਛਾਜਲੀ ਥਾਣੇ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਜਸਵੀਰ ਸਿੰਘ ਮੈਦੇਵਾਸ, ਸੰਤ ਰਾਮ ਸਿੰਘ ਛਾਜਲੀ , ਪਿੰਡ ਦੀ ਸਾਬਕਾ ਸਰਪੰਚ ਪਰਮਜੀਤ ਕੌਰ ਦੇ ਪਤੀ ਇੰਦਰਜੀਤ ਸਿੰਘ ਬਾਵਾ ਧਾਲੀਵਾਲ, ਮਜ਼ਦੂਰ ਆਗੂ ਗੋਬਿੰਦ ਛਾਜਲੀ, ਕਿਸਾਨ ਆਗੂ ਬਿੰਦਰਪਾਲ ਛਾਜਲੀ , ਪੱਪੀ ਰਾਮ, ਕਿਸਾਨ ਆਗੂ ਗੁਰਸੇਵਕ ਸਿੰਘ , ਸੁਖਵੀਰ ਸਿੰਘ ਖਾਲਸਾ , ਗੁਰਜੰਟ ਸਿੰਘ ਮਜ਼ਦੂਰ ਮੁਕਤੀ ਮੋਰਚਾ ਨੇ ਕਿਹਾ ਕਿ ਛਾਜਲੀ ਵਿਖੇ ਸਥਿਤ ਬੌਟਲਿੰਗ ਪਲਾਂਟ ਦੇ ਪ੍ਰਬੰਧਕ ਪਲਾਂਟ ਦਾ ਦੂਸ਼ਿਤ ਪਾਣੀ ਬੋਰ ਰਾਹੀਂ ਧਰਤੀ ਹੇਠ ਪਾ ਰਹੇ ਸਨ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੰਘਰਸ਼ ਤੋਂ ਬਾਅਦ ਕੁੱਝ ਦਿਨ ਪਹਿਲਾਂ ਥਾਣਾ ਛਾਜਲੀ ਦੀ ਪੁਲਿਸ ਨੇ ਬੌਟਲਿੰਗ ਪਲਾਂਟ ਦੇ ਪ੍ਰਬੰਧਕਾਂ ਨੂੰ ਨਾਮਜ਼ਦ ਕਰਨ ਦੀ ਬਜਾਏ ਸਿਰਫ਼ ਫਰਮ ਦੇ ਨਾਮ ਐਫਆਈਆਰ ਦਰਜ ਕਰ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਪੁਲਿਸ ਬੌਟਲਿੰਗ ਪਲਾਂਟ ਦੇ ਪ੍ਰਬੰਧਕਾਂ ਨੂੰ ਨਾਮਜ਼ਦ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਦੂਸ਼ਿਤ ਪਾਣੀ ਧਰਤੀ ਹੇਠ ਪਾਉਣ ਨਾਲ ਬਿਮਾਰੀਆਂ ਫੈਲ ਰਹੀਆਂ ਹਨ। ਇਸੇ ਦੌਰਾਨ ਥਾਣਾ ਛਾਜਲੀ ਦੇ ਐਸ ਐਚ ਓ ਅਮਰੀਕ ਸਿੰਘ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਦੋ ਹਫ਼ਤਿਆਂ ਦੇ ਅੰਦਰ ਮਾਮਲੇ ਦੀ ਪੂਰੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਪੁਲਿਸ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।