ਭਾਜਪਾ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ
ਸੁਨਾਮ : ਐਤਵਾਰ ਨੂੰ ਸੁਨਾਮ ਦੇ ਨਿਰਮਾਣ ਕੈਂਪਸ ਵਿਖੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ 2024 'ਤੇ ਕੇਂਦਰਿਤ ਭਾਜਪਾ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਮੀਤ ਪ੍ਰਧਾਨ ਜੀਵਨ ਗਰਗ, ਸੂਬਾ ਸਕੱਤਰ ਦਾਮਨ ਥਿੰਦ ਬਾਜਵਾ, ਡਾਕਟਰ ਅਮਿੱਤ ਕਾਂਸਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਭਾਜਪਾ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਰਹੀ ਇਸ ਮੈਂਬਰਸ਼ਿਪ ਮੁਹਿੰਮ ਰਾਹੀਂ ਪਾਰਟੀ ਦੀ ਦੂਰਅੰਦੇਸ਼ੀ ਅਤੇ ਵਿਚਾਰਧਾਰਾ ਨੂੰ ਹਰ ਘਰ ਤੱਕ ਪਹੁੰਚਾਉਣਾ ਹੈ, ਭਾਜਪਾ ਮੁਲਕ ਦੀ ਜਨਤਾ ਦੇ ਹਿੱਤਾਂ 'ਤੇ ਉਸਾਰੂ ਪ੍ਰਭਾਵ ਪਾਉਣ ਲਈ ਵਚਨਬੱਧ ਹੈ। ਭਾਜਪਾ ਆਗੂਆਂ ਦਿਆਲ ਸਿੰਘ ਸੋਢੀ, ਜੀਵਨ ਗਰਗ ਅਤੇ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਿਸ਼ਵ ਪੱਧਰ 'ਤੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ | ਭਾਰਤ ਦੀ ਸ਼ਾਖ ਪੂਰੀ ਦੁਨੀਆਂ ਵਿੱਚ ਵਧੀ ਹੈ। ਅੰਤਰਰਾਸ਼ਟਰੀ ਸੰਕਟ ਦੇ ਹੱਲ ਲਈ ਕਈ ਦੇਸ਼ ਭਾਰਤ ਵੱਲ ਦੇਖਦੇ ਹਨ। ਬੁਲਾਰਿਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਪੰਜਾਬ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਭਾਜਪਾ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਲੋਕਾਂ ਵਿੱਚ ਜਾ ਰਹੀ ਹੈ। ਭਾਜਪਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰੇਗੀ। ਭਾਜਪਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਰ ਮੰਚ ਤੋਂ ਉਠਾਏਗੀ। ਬੁਲਾਰਿਆਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਨਿੱਤ ਦਿਨ ਬੇਦੋਸ਼ਿਆਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਾਵਜੂਦ ਇਸਦੇ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਸ ਮੌਕੇ ਸ਼ੇਰਵਿੰਦਰ ਸਿੰਘ ਡਸਕਾ, ਰਾਜੀਵ ਕੁਮਾਰ ਮੱਖਣ, ਸੰਜੇ ਗੋਇਲ, ਦਰਸ਼ਨ ਸਿੰਘ, ਸ਼ੰਕਰ ਬਾਂਸਲ ਆਦਿ ਹਾਜ਼ਰ ਸਨ।