ਸੁਨਾਮ : ਸੁਨਾਮ-ਸੰਗਰੂਰ ਸੜਕ ਤੇ ਸਥਿਤ ਪਿੰਡ ਅਕਾਲਗੜ੍ਹ ਚੱਠੇ ਨਕਟੇ ਦੇ ਨਜ਼ਦੀਕ ਸਰਹਿੰਦ ਚੋਅ ਦੇ ਖਸਤਾਹਾਲ ਪੁਲ ਨੂੰ ਤੋੜਕੇ ਮੁੜ ਬਣਾਏ ਜਾਣ ਕਾਰਨ ਅਸਥਾਈ ਰਾਹ ਸੁਚਾਰੂ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਪਿੰਡਾਂ ਦੇ ਲੋਕਾਂ ਨੇ ਪੁਲ ਦੀ ਉਸਾਰੀ ਮੁਕੰਮਲ ਹੋਣ ਤੱਕ ਚਾਰ ਪਹੀਆ ਵਾਹਨਾਂ ਲਈ ਅਸਥਾਈ ਪੁਲ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਯਾਦਵਿੰਦਰ ਸਿੰਘ ਚੱਠਾ ਅਤੇ ਊਧਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਸਰਹਿੰਦ ਚੋਅ ਦੇ ਪੁਲ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੱਕ ਚਾਰ ਪਹੀਆ ਵਾਹਨਾਂ ਲਈ ਅਸਥਾਈ ਰਾਹ ਬਣਾਇਆ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਕਈ ਕਿਲੋਮੀਟਰ ਦੂਰ ਦੀ ਘੁੰਮਕੇ ਨਾ ਆਉਣਾ ਪਵੇ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਕਿਸਾਨ ਆਗੂਆਂ ਦੇ ਵਫ਼ਦ ਨੇ ਉਕਤ ਮਾਮਲੇ ਦੇ ਹੱਲ ਲਈ ਸੁਨਾਮ ਦੇ ਐੱਸ ਡੀ ਐੱਮ ਨੂੰ ਮਿਲਿਆ। ਕਿਸਾਨ ਆਗੂ ਯਾਦਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਮੁਲਾਕਾਤ ਦੌਰਾਨ ਕਿਹਾ ਗਿਆ ਹੈ ਕਿ ਚੱਠੇ ਨਕਟੇ, ਅਕਾਲਗੜ੍ਹ, ਕੁਲਾਰ ਖੁਰਦ, ਤੁੰਗਾਂ ਅਤੇ ਭਰੂਰ ਦੇ ਲੋਕਾਂ ਨੂੰ ਸਰਹਿੰਦ ਚੋਅ ਤੇ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਅਸਥਾਈ ਰਾਹ ਚਾਰ ਪਹੀਆ ਵਾਹਨਾਂ ਲਈ ਨਾ ਹੋਣ ਕਰਕੇ ਲੋਕਾਂ ਨੂੰ ਆਪਣੇ ਕੰਮ ਕਾਰ ਲਈ ਸੁਨਾਮ ਆਉਣ ਵਾਸਤੇ ਦੂਰ ਤੋਂ ਘੁੰਮ ਕੇ ਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮੇਂ ਬਾਅਦ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਅਗਰ ਆਰਜ਼ੀ ਪੁੱਲ ਨਹੀਂ ਤਿਆਰ ਕੀਤਾ ਜਾਂਦਾ ,ਇਹਨਾਂ ਪਿੰਡਾਂ ਦੇ ਬੱਚੇ ਵੀ ਸੁਨਾਮ ਸ਼ਹਿਰ ਵਿੱਚ ਪੜਦੇ ਹਨ ਜਿਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨ ਆਗੂ ਯਾਦਵਿੰਦਰ ਸਿੰਘ ਚੱਠਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਕਤ ਮਾਮਲੇ ਵਿੱਚ ਧਿਆਨ ਨਾ ਦਿੱਤਾ ਤਾਂ ਕਿਸਾਨਾਂ ਨੂੰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ।