ਆਪਸੀ ਤਾਲਮੇਲ ਵਧਾ ਕੇ ਜ਼ਿਲ੍ਹੇ ਨੂੰ ਨਸ਼ਾ ਮੁਕਤੀ ਵੱਲ ਲਿਜਾਣ ਲਈ ਪੁਰਜ਼ੋਰ ਯਤਨ ਕਰਨ ਸਮੂਹ ਮਹਿਕਮੇ
ਹੁਣ ਤੱਕ ਜ਼ਿਲ੍ਹੇ ਵਿੱਚ 12 ਨਸ਼ਾ ਤਸਕਰਾਂ ਦੀਆਂ 10 ਕਰੋੜ 25 ਲੱਖ 10 ਹਜ਼ਾਰ 242 ਰੁਪਏ ਦੀਆਂ ਜਾਇਦਾਦਾਂ ਸਰਕਾਰ ਦੇ ਨਿਯਮਾਂ ਅਨੁਸਾਰ ਜ਼ਬਤ-ਕੁਲਦੀਪ ਸਿੰਘ
ਜਨਵਰੀ 2024 ਤੋਂ ਹੁਣ ਤੱਕ ਜ਼ਿਲ੍ਹੇ ’ਚ ਐਨ.ਡੀ.ਪੀ.ਐਸ ਐਕਟ ਤਹਿਤ 131 ਮੁਕੱਦਮਿਆਂ ’ਚ 175 ਦੋਸ਼ੀਆਂ ਦੀ ਗ੍ਰਿਫ਼ਤਾਰੀ – ਡੀ.ਐਸ.ਪੀ
ਮਾਲੇਰਕੋਟਲਾ : ਜ਼ਿਲ੍ਹੇ ’ਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਤ “ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ” ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ, ਡੀ.ਐਸ.ਪੀ. ਸ੍ਰੀ ਕੁਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਦੀਪ ਸਿੰਘ,ਸਮਾਜਿਕ ਨਿਆਂ ਅਤੇ ਸੁਧਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ,ਵਣ ਰੇਂਜ ਅਫ਼ਸਰ ਸ੍ਰੀ ਇਕਬਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ.ਕੁਲਦੀਪ ਕੌਰ, ਡਰੱਗ ਇੰਸਪੈਕਟਰ ਸ੍ਰੀ ਨਵਪ੍ਰੀਤ ਸਿੰਘ, ਮੋਹਿਤ ਤੋ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ’ਚ ਤਸਕਰੀ ਖ਼ਿਲਾਫ਼ ਪੁਲਿਸ ਵੱਲੋਂ ਆਰੰਭੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਪਲਾਈ ਚੇਨ ਤੋੜਨ ਦੇ ਨਾਲ-ਨਾਲ ਡਿਮਾਂਡ (ਮੰਗ) ਨੂੰ ਖ਼ਤਮ ਕਰਨ ਲਈ ਯਤਨਾਂ ’ਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ, ਨਸ਼ਾ ਛੁਡਾਊ ਕੇਂਦਰਾਂ ਤੇ ਪੁਨਰ ਵਸੇਬਾ ਕੇਂਦਰਾਂ ’ਚ ਆਉਂਦੇ ਨਸ਼ਾ ਪੀੜਤਾਂ ਨੂੰ ਇਸ ਬੁਰਾਈ ਤੋਂ ਦ੍ਰਿੜ੍ਹਤਾ ਨਾਲ ਛੁਟਕਾਰਾ ਦਿਵਾਉਣ ਉਨ੍ਹਾਂ ਦੀ ਉਚਿਤ ਕੌਂਸਲਿੰਗ, ਉਨ੍ਹਾਂ ਨੂੰ ਧਾਰਮਿਕ ਸਿੱਖਿਆ ਨਾਲ ਜੋੜਨ, ਰੋਜ਼ਗਾਰ ਦੀ ਮੰਗ ’ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਰੋਜ਼ਗਾਰ ਮੁਹੱਈਆ ਕਰਵਾਉਣ ਵਰਗੇ ਉਪਰਾਲੇ ਕਰਨ ਦੀ ਵੀ ਲੋੜ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ’ਚ ਨਸ਼ਾ ਰੋਕੂ ਗਤੀਵਿਧੀਆਂ ਤਹਿਤ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਜਾਗਰੂਕਤਾ ਅਭਿਆਨ ਆਰੰਭਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਨਸ਼ੇ ’ਚ ਗ੍ਰਸਤ ਲੋਕਾਂ ਦੇ ਇਲਾਜ ਤੋਂ ਇਲਾਵਾ ਉਨ੍ਹਾਂ ਦੇ ਮੁੜ ਵਸੇਬੇ ਨੂੰ ਵੀ ਪਹਿਲ ਦੇ ਆਧਾਰ ਤੇ ਤਰਜੀਹ ਦੇਣੀ ਚਾਹੀਦੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਦਵਾਈ ਵਿਕ੍ਰੇਤਾਵਾਂ ਦੀ ਚੈਕਿੰਗ ਸਮੇਂ- ਸਮੇਂ ਤੇ ਕਰਨੀ ਯਕੀਨੀ ਬਣਾਈ ਜਾਵੇ। ਬਿਨਾਂ ਪਰਚੀ ਤੋਂ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਦੇ ਸਮੁੱਚੇ ਸਕੂਲਾਂ ਵਿੱਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸਬੰਧਤ ਸੈਮੀਨਾਰ ਦਾ ਆਯੋਜਨ ਕਰਨ ਨੂੰ ਯਕੀਨੀ ਬਣਾਉਣ ਅਤੇ ਸੈਮੀਨਾਰਾਂ ਦੀਆਂ ਗਤੀਵਿਧੀਆਂ ਵੱਖ ਵੱਖ ਸ਼ੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਸ਼ੇਅਰ ਕਰਨ ਤਾਂ ਜੋ ਲੋਕਾਂ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਹੋ ਸਕੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਓਟ ਸੈਂਟਰਾਂ ਅਤੇ ਪ੍ਰਾਈਵੇਟ ਨਸ਼ਾ ਛਡਾਓ ਕੇਂਦਰਾਂ ਵਿਖੇ ਆਉਣ ਵਾਲੇ ਮਰੀਜ਼ਾਂ ਦਾ ਪੁਖ਼ਤਾ ਰਿਕਾਰਡ ਰੱਖਣ ਅਤੇ ਉਨ੍ਹਾਂ ਦੀ ਦਵਾਈ ਸਬੰਧੀ ਫੋਲੋ ਅੱਪ ਵੀ ਲੈਣ। ਡੀ.ਐਸ.ਪੀ. ਸ੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਨਵਰੀ 2024 ਤੋਂ ਹੁਣ ਤੱਕ ਜ਼ਿਲ੍ਹੇ ’ਚ ਐਨ ਡੀ ਪੀ ਐਸ ਐਕਟ ਤਹਿਤ 131 ਮੁਕੱਦਮਿਆਂ ’ਚ 175 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨਸ਼ਾ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕੱਦਮਿਆਂ ’ਚ ਕਰੀਬ 01 ਲੱਖ 16 ਹਜ਼ਾਰ ਰੁਪਏ ਦੀ ਡਰੱਗ ਮਨੀ, 836 ਕਿੱਲੋ 500 ਗਰਾਮ ਭੁੱਕੀ, 25075 ਨਸ਼ੀਲੇ ਕੈਪਸੂਲ/ਗੋਲੀਆਂ, 2 ਕਿਲੋ 358 ਗ੍ਰਾਮ ਹੀਰੋਇਨ, 07 ਸ਼ੀਸ਼ੀਆਂ, 22 ਕਿੱਲੋ 960 ਗਰਾਮ ਅਫ਼ੀਮ, 10 ਗ੍ਰਾਮ ਇਨਟੋਕਸੀਅਨ ਪਾਊਡਰ, 02 ਕਿਲੋ 870 ਗਰਾਮ ਸੁਲਫ਼ਾ ਅਤੇ 13 ਕਿੱਲੋ 800 ਗਰਾਮ ਹਰੇ ਪੌਦੇ(ਖਸਖਸ) ਸ਼ਾਮਲ ਹੈ। ਇਸ ਤੋਂ ਇਲਾਵਾ ਹੁਣ ਤੱਕ ਜ਼ਿਲ੍ਹੇ ਵਿੱਚ 12 ਨਸ਼ਾ ਤਸਕਰਾਂ ਦੀਆਂ 10 ਕਰੋੜ 25 ਲੱਖ 10 ਹਜ਼ਾਰ 242 ਰੁਪਏ ਦੀਆਂ ਜਾਇਦਾਦਾਂ ਸਰਕਾਰ ਦੇ ਨਿਯਮਾਂ ਅਨੁਸਾਰ ਜ਼ਬਤ ਅਨੁਸਾਰ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ।