ਸੁਨਾਮ : ਕਿਸਾਨੀ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਾਰਪੋਰੇਟ ਘਰਾਣਿਆਂ ਨਾਲ ਰਲੇ ਹੋਣ ਦੇ ਇਲਜ਼ਾਮ ਲਾਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਕੇਂਦਰ ਵਿਚਲੀ ਭਾਜਪਾ ਸਰਕਾਰ ਨਾਲ ਰਲੀ ਹੋਈ ਹੈ। ਸ਼ੁੱਕਰਵਾਰ ਨੂੰ ਸੁਨਾਮ ਨੇੜਲੇ ਪਿੰਡ ਨਮੋਲ ਵਿਖੇ ਜਥੇਬੰਦੀ ਦੀ ਹੋਈ ਮੀਟਿੰਗ ਵਿੱਚ ਸ਼ਾਮਿਲ ਜਥੇਬੰਦੀ ਦੇ ਜ਼ਿਲ੍ਹਾ ਆਗੂ ਹੈਪੀ ਨਮੋਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਅੱਜ ਸਵੇਰੇ 6 ਵਜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੀਨੀਅਰ ਆਗੂ ਸੁਖਵਿੰਦਰ ਕੌਰ ਦੇ ਘਰ ਐਨ ਆਈ ਏ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ ਜੋ ਹਰਿਆਣਾ ਦੀਆ ਸਰਹੱਦਾਂ ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਲੈਕੇ ਕਿਸਾਨ ਮੋਰਚੇ ਵਿੱਚ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਡਰਾਉਣ ਲਈ ਅਤੇ ਮੋਰਚੇ ਵਿੱਚ ਜਾਣ ਵਾਲੇ ਕਿਸਾਨਾਂ ਤੇ ਡਰ ਬਣਾਉਣ ਲਈ ਪੰਜਾਬ ਦਾ ਮੁੱਖ ਮੰਤਰੀ ਕਾਰਪੋਰੇਟ ਤੇ ਮੋਦੀ ਹਕੂਮਤ ਦਾ ਹੱਥ ਠੋਕਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਅਤੇ ਕੇਂਦਰ ਸਰਕਾਰ ਦਾ ਭਲੇਖਾ ਹੈ ਲੜਣ ਵਾਲੇ ਲੋਕ ਕਦੇ ਰੇਡਾ ਤੋਂ ਨਹੀਂ ਡਰਦੇ ਹੁੰਦੇ,ਪਰ ਪੰਜਾਬ ਦੇ ਮੁੱਖ ਮੰਤਰੀ ਦਾ ਭੁਲੇਖਾ ਹੈ, ਲੋਕਾਂ ਨੇ ਆਉਂਦੇ ਦਿਨਾਂ ਵਿੱਚ ਦੂਰ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ 31 ਅਗਸਤ ਨੂੰ ਲੋਕਾਂ ਨੇ ਬਾਰਡਰਾਂ ਤੇ ਵੱਡੇ ਇਕੱਠ ਕਰਕੇ ਸਰਕਾਰਾਂ ਦਾ ਭੁਲੇਖਾ ਦੂਰ ਕਰ ਦੇਣਾ ਹੈ । ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ 31 ਤਾਰੀਖ ਨੂੰ ਪਰਿਵਾਰਾਂ ਸਮੇਤ ਸ਼ੰਭੂ ਬਾਰਡਰ ਤੇ ਖਨੌਰੀ, ਡੱਬਵਾਲੀ,ਰਤਨਪੁਰਾ ਬਾਰਡਰਾਂ ਤੇ ਪਹੁੰਚਣ ਤਾਂ ਜੋ ਸਰਕਾਰਾਂ ਦਾ ਭੁਲੇਖਾ ਦੂਰ ਕੀਤਾ ।ਇਸ ਮੌਕੇ ਭੋਲਾ ਸਿੰਘ, ਲੀਲਾ ਸਿੰਘ, ਸਤਗੁਰ ਸਿੰਘ, ਮਤਵਾਲ ਸਿੰਘ, ਰਾਮ ਸਿੰਘ,ਜੀਤ ਰੋਮਾਣਾ, ਭਗਵਾਨ ਸਿੰਘ, ਭਗਵੰਤ ਸਿੰਘ,ਜੰਟਾ ਸਿੰਘ,ਆਦਿ ਹਾਜ਼ਰ ਸਨ