ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਭਲਾਈ ਲਈ ਵਚਨਬੱਧ-ਪਠਾਣਮਾਜਰਾ, ਗੁਰਲਾਲ ਘਨੌਰ
ਕਿਹਾ, ਦੋਵਾਂ ਪੁੱਲਾਂ ਦੇ ਬਨਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ
ਪਟਿਆਲਾ : ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਆਪਣੇ ਹਲਕੇ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਅੱਜ 2.55 ਕਰੋੜ ਰੁਪਏ ਦੀ ਲਾਗਤ ਨਾਲ ਦੋ ਡਰੇਨਾਂ ਦੇ ਦੋ ਪੁੱਲਾਂ ਦੀ ਉਸਾਰੀ ਦੇ ਨੀਂਹ ਪੱਥਰ ਰੱਖੇ। ਦੋਵਾਂ ਵਿਧਾਇਕਾਂ ਨੇ ਪੰਜਾਬ ਮੰਡੀ ਬੋਰਡ ਵੱਲੋਂ ਲਿੰਕ ਸੜਕ ਕੌਲੀ ਤੋਂ ਬਾਰਨ ਵਾਇਆ ਪਨੌਦੀਆਂ ਵਿੱਚ ਨਿੰਮ ਸਾਹਿਬ ਡਰੇਨ ਉਪਰ ਗੁਰਦੁਆਰਾ ਨਿੰਮ ਸਾਹਿਬ ਨੇੜੇ 1 ਕਰੋੜ 74.45 ਲੱਖ ਰੁਪਏ ਦੀ ਲਾਗਤ ਨਾਲ ਅਤੇ ਲਿੰਕ ਸੜਕ ਗੌਂਸਪੁਰ ਤੋਂ ਸ਼ੰਕਰਪੁਰ ਵਿੱਚ ਕੌਲੀ ਕਰੀਕ ਡਰੇਨ ਉਪਰ 80 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਦੋ ਪੁੱਲ ਦੀ ਉਸਾਰੀ ਦਾ ਕਾਰਜ ਸ਼ੁਰੂ ਕਰਵਾਇਆ। ਉਨ੍ਹਾਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਸਨੌਰ ਤੇ ਘਨੌਰ ਲਈ ਫੰਡ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ ਉਥੇ ਹੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਪਹਿਲ ਦੇ ਅਧਾਰ 'ਤੇ ਪ੍ਰਦਾਨ ਕਰਨ ਅਤੇ ਲੋਕ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਦੋਵਾਂ ਵਿਧਾਇਕਾਂ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਹ ਦੋਵੇਂ ਪੁੱਲ ਮਿਥੇ ਸਮੇਂ ਦੇ ਅੰਦਰ-ਅੰਦਰ ਬਣਾ ਕੇ ਚਾਲੂ ਕਰ ਦਿੱਤੇ ਜਾਣਗੇ। ਪਠਾਣਮਾਜਰਾ ਅਤੇ ਗੁਰਲਾਲ ਘਨੌਰ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਇਹ ਦੋਵੇਂ ਹਲਕੇ ਪੱਛੜੇ ਰਹਿ ਗਏ ਪਰੰਤੂ ਅੱਜ ਹਰੇਕ ਪਿੰਡ ਵਿੱਚ ਵਿਕਾਸ ਕੰਮ ਚੱਲ ਰਹੇ ਹਨ। ਇਸ ਤੋਂ ਬਿਨ੍ਹਾਂ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਰਕੇ ਹੀ ਦੋਵੇਂ ਹਲਕੇ ਹੜ੍ਹਾਂ ਦੀ ਮਾਰ ਹੇਠ ਆਉਂਦੇ ਹਨ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਪੱਕਾ ਹੱਲ ਕਰਨ ਦੀ ਵਿਊਂਤਬੰਦੀ ਕੀਤੀ ਹੈ। ਇਸ ਮੌਕੇ ਹਰਜਸ਼ਨ ਸਿੰਘ ਪਠਾਣਮਾਜਰਾ, ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ, ਐਸ.ਡੀ.ਓ. ਸਤਨਾਮ ਸਿੰਘ, ਜੇ.ਈ. ਅਸ਼ਵਨੀ ਕੁਮਾਰ ਸਮੇਤ ਇਲਾਕੇ ਦੇ ਵਸਨੀਕ ਵੀ ਮੌਜੂਦ ਸਨ।