ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ 15 ਦਿਨਾਂ ਦਾ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਵਿਭਾਗ ਵਿਖੇ ਸ਼ੁਰੂ ਹੋਏ ਨਵੇਂ ਕੋਰਸ ਚਾਰ ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈ. ਟੀ. ਈ. ਪੀ.) ਬੀ.ਏ. ਬੀ.ਐੱਡ. (ਸੈਕੰਡਰੀ ਸਟੇਜ) ਵਿੱਚ ਦਾਖਲ ਹੋਏ ਵਿਦਿਆਰਥੀਆਂ ਦੇ ਨਵੇਂ ਬੈਚ ਲਈ ਹੈ। ਇੰਡਕਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਡਾ. ਗਗਨਦੀਪ ਥਾਪਾ ਵੱਲੋਂ ਦਿੱਤੇ ਗਏ ਰਸਮੀ ਸੁਆਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਲਈ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਰੇਖਾ ਨੇ ਅਗਲੇ ਦੋ ਹਫ਼ਤਿਆਂ ਲਈ ਵਿਉਂਤਬੱਧ ਕੀਤੇ ਗਏ ਵੱਖ-ਵੱਖ ਸੈਸ਼ਨਾਂ, ਵਰਕਸ਼ਾਪਾਂ ਅਤੇ ਯੂਨੀਵਰਸਿਟੀ ਕੈੰਪਸ ਵਿਚਲੀਆਂ ਵੱਖ-ਵੱਖ ਅਹਿਮ ਥਾਵਾਂ ਦੇ ਦੌਰਿਆਂ ਦੀ ਰੂ-ਪਰੇਖਾ ਦਸਦੇ ਹੋਏ ਸਾਰੀਆਂ ਗਤੀਵਿਧੀਆਂ ਦੀ ਇੱਕ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ।
ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਵਿਭਾਗ ਦੀ ਵਿਰਾਸਤ ਅਤੇ ਅਕਾਦਮਿਕ ਪ੍ਰਾਪਤੀਆਂ ਪ੍ਰਤੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਵਿਭਾਗ ਦਾ ਸੰਖੇਪ ਇਤਿਹਾਸ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਅਕ ਵਜੋਂ ਉਹਨਾਂ ਦੀਆਂ ਭਵਿੱਖ ਦੀਆਂ ਭੂਮਿਕਾਵਾਂ ਲਈ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਲੈਸ ਕਰਨ ਲਈ ਤਿਆਰ ਕੀਤੇ ਹੋਏ ਵਿਆਪਕ ਪਾਠਕ੍ਰਮ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਖੁਸ਼ਗੀਤ ਕੌਰ ਨੇ ਫੈਕਲਟੀ ਮੈਂਬਰਾਂ ਨਾਲ ਜਾਣ-ਪਛਾਣ ਕਰਾਈ, ਉਨ੍ਹਾਂ ਦੀਆਂ ਅਕਾਦਮਿਕ ਅਤੇ ਪੇਸ਼ੇਵਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਡਾ.ਗੁਰਸੰਗੀਤ ਕੌਰ ਅਤੇ ਡਾ.ਪਪਲਦੀਪ ਗੋਸਲ ਵੱਲੋਂ ਰਸਮੀ ਤੌਰ ‘ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਇਸ ਸਮਾਗਮ ਵਿੱਚ ਵਿਭਾਗ ਦੇ ਫੈਕਲਟੀ ਮੈਂਬਰ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਸ਼ਿਰਕਤ ਕੀਤੀ।