ਪਟਿਆਲਾ : ਸੀਨੀਅਰ ਪੱਤਰਕਾਰ ਅਤੇ ਉਘੇ ਸਮਾਜਵਾਦੀ ਲਾਜਪਤ ਰਾਏ ਗਾਂਧੀ ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਦ ਸੰਡੇ ਗਾਰਡੀਅਨ ਦੇ ਪ੍ਰਿੰਸੀਪਲ ਕੌਰਸਪਾਂਡੈਂਟ ਤਰੁਣੀ ਗਾਂਧੀ ਦੇ ਪਿਤਾ ਅਤੇ ਸੀਨੀਅਰ ਪੱਤਰਕਾਰ ਅਸ਼ਮਨੀ ਕੁਮਾਰ ਦੇ ਸਹੁਰਾ ਲੱਗਦੇ ਸਨ। ਅੱਜ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਇੱਥੇ ਬੀਰ ਜੀ ਸਮਸ਼ਾਨਘਾਟ ਵਿਖੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਅਤੇ ਸਕੱਤਰ ਸ. ਐਮ.ਐਸ. ਜੱਗੀ ਦੀ ਤਰਫ਼ੋਂ ਰੀਥ ਰੱਖ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸੇ ਦੌਰਾਨ ਕੈਬਨਿਟ ਮੰਤਰੀ ਸ. ਜੌੜਮਾਜਰਾ ਨੇ ਸੀਨੀਅਰ ਪੱਤਰਕਾਰ ਤਰੁਣੀ ਗਾਂਧੀ ਤੇ ਅਸ਼ਮਨੀ ਕੁਮਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ। ਜਦੋਂਕਿ ਸਕੱਤਰ ਸ. ਐਮ.ਐਸ. ਜੱਗੀ ਨੇ ਕਿਹਾ ਕਿ ਲਾਜਪਤ ਰਾਏ ਗਾਂਧੀ ਵੱਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ ਤੇ ਉਹ ਨਵੀਂ ਪੀੜ੍ਹੀ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੇ।
ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਤੇ ਸ਼ਿਖਾ ਨਹਿਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪੇਸ਼ ਚੱਠਾ, ਏ.ਪੀ.ਆਰ.ਓ. ਹਰਦੀਪ ਸਿੰਘ, ਸਮਾਜਿਕ ਚਿੰਤਕ ਤੇ ਵਾਤਾਵਰਣ ਕਾਰਕੁਨ ਅਮਨ ਅਰੋੜਾ, ਸ੍ਰੀ ਅਰਬਿੰਦੋ ਸੁਸਾਇਟੀ ਦੇ ਕਾਰਜਕਾਰਨੀ ਮੈਂਬਰ ਕੇ. ਪਵਨ, ਸਮਾਜ ਸੇਵੀ ਲਖਵਿੰਦਰ ਸਰੀਨ ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਆਪਣੇ ਜੀਵਨ ਦੌਰਾਨ, ਲਾਜਪਤ ਰਾਏ ਗਾਂਧੀ ਆਪਣੇ ਪਰਉਪਕਾਰੀ ਕੰਮਾਂ ਲਈ ਵੀ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ 1975 ਦੀ ਐਮਰਜੈਂਸੀ ਦੌਰਾਨ, ਇੱਕ ਫ੍ਰੀਲਾਂਸ ਪੱਤਰਕਾਰ ਵਜੋਂ ਸਿਸਟਮ ਦੇ ਵਿਰੁੱਧ ਆਪਣੀ ਅਸਹਿਮਤੀ ਦਾ ਦਲੇਰੀ ਨਾਲ ਪ੍ਰਗਟਾਵਾ ਕੀਤਾ।ਉਹ ਇੱਕ ਭਾਵੁਕ ਲੇਖਕ ਵੀ ਸਨ ਜਿਨ੍ਹਾਂ ਨੇ ਸਮਾਜਿਕ, ਵਾਤਾਵਰਣ ਅਤੇ ਰਾਜਨੀਤਿਕ ਮੁੱਦਿਆਂ ਦੇ ਹੱਲ ਕਰਨ ਲਈ ਆਪਣਾ ਕੈਰੀਅਰ ਸਮਰਪਿਤ ਕੀਤਾ ਸੀ। ਉਹ ਆਪਣੀ ਪਤਨੀ ਅਤੇ ਦੋ ਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।