ਸੁਨਾਮ : ਸੁਨਾਮ-ਲਹਿਰਾ ਮੁੱਖ ਸੜਕ ਤੇ ਸਥਿਤ ਪਿੰਡ ਛਾਜਲੀ ਵਿਖੇ ਮੈਟ ਬਣਾਉਣ ਵਾਲ਼ੀ ਫੈਕਟਰੀ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜਕੇ ਸੁਆਹ ਹੋ ਗਿਆ ਉਂਜ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅੱਠ ਅੱਗ ਬੁਝਾਊ ਗੱਡੀਆਂ ਦੇ ਅਮਲੇ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਪਿੰਡ ਛਾਜਲੀ ਵਿਖੇ ਸਥਿਤ ਮੈਟ ਬਣਾਉਣ ਵਾਲ਼ੀ ਫੈਕਟਰੀ "ਰਾਧਾ ਰਮਨ ਇੰਡਸਟਰੀ" ਦੇ ਮਾਲਕ ਅਮਨਦੀਪ ਬਾਂਸਲ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫੈਕਟਰੀ ‘ਚ ਡਿਊਟੀ ਕਰਦੇ ਚੌਂਕੀਦਾਰ ਨੇ ਫੋਨ ਤੇ ਤੜਕਸਾਰ ਕ਼ਰੀਬ ਤਿੰਨ ਕੁ ਵਜੇ ਫੈਕਟਰੀ ਵਿਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਤਾਂ ਜਦੋਂ ਉਹਨਾਂ ਮੌਕੇ ਤੇ ਆ ਕੇ ਦੇਖਿਆ ਤਾਂ ਇੰਡਸਟਰੀ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਭਿਆਨਕ ਅੱਗ ਦੀ ਲਪੇਟ ਚ ਆ ਚੁੱਕਾ ਸੀ। ਫੈਕਟਰੀ ਮਾਲਕ ਮੁਤਾਬਿਕ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਵੱਡੇ ਗਿਣਤੀ 'ਚ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਅੱਗ ਇੰਨੀਂ ਜ਼ਿਆਦਾ ਫੈਲ ਚੁੱਕੀ ਸੀ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਦੇ ਅਮਲੇ ਅਤੇ ਸਥਾਨਕ ਲੋਕਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਬੁਝਾਉਣ ਵਿੱਚ ਡੇਰਾ ਸੱਚਾ ਸੌਦਾ ਦੀ ਟੀਮ ਦਾ ਵੱਡਾ ਯੋਗਦਾਨ ਰਿਹਾ। ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫੈਕਟਰੀ ਅੰਦਰ ਪਿਆ ਕੱਚਾ ਮਾਲ, ਮੈਟ ਅਤੇ ਮਸ਼ੀਨਾਂ ਬੁਰੀ ਤਰ੍ਹਾਂ ਸੜਕੇ ਸੁਆਹ ਹੋ ਗਈਆਂ ,ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਰਾਧਾ ਰਮਨ ਇੰਡਸਟਰੀ ਪਸ਼ੂਆਂ ਦੇ ਹੇਠਾਂ ਵਿਛਾਉਣ ਲਈ ਮੈਟ ਬਣਾਉਣ ਦਾ ਕੰਮ ਕਰਦੀ ਹੈ ।