ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਵੱਡੀ ਗਿਣਤੀ ਸੰਗਤਾਂ ਨੇ ਸ਼ਰਧਾ ਦੇ ਫੁੱਲ ਕੀਤੇ ਭੇਂਟ
ਫ਼ਤਹਿਗੜ੍ਹ ਸਾਹਿਬ : ਪੰਜਾਬ ਦੇ ਸੂਚਨਾਂ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ 113 ਸੱਚ-ਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਦੇ ਜਨਮ ਦਿਵਸ ਮੌਕੇ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਭੋਗ ਸਮੇਂ ਨਤਮਸਤਕ ਹੋ ਕੇ ਗੁਰੂ ਤੋਂ ਆਸ਼ੀਰਵਾਦ ਹਾਸਲ ਕੀਤਾ। ਉਨ੍ਹਾਂ ਇਸ ਮੌਕੇ ਮੌਜੂਦਾ ਡੇਰਾ ਮੁਖੀ ਸੰਤ ਬੀਬਾ ਕੁਲਵਿੰਦਰ ਕੌਰ ਜੀ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸੰਤ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲੇ ਅਤੇ ਭਾਈ ਮਨਦੀਪ ਸਿੰਘ ਭਾਮੀਆਂ ਵਾਲਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਜੌੜੇਮਾਜਰਾ ਨੇ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਨੇ ਨੌਜਵਾਨਾਂ ਨੂੰ ਗੁਰੂ ਦੇ ਲੜ ਲਗਾਉਣ ਲਈ ਪੂਰਾ ਜੀਵਨ ਬੇਮਿਸਾਲ ਸੇਵਾ ਕੀਤੀ ਅਤੇ ਸੰਤ ਜੀ ਮਾਨਵਤਾ ਦੀ ਸੇਵਾ ਲਈ ਹਮੇਸ਼ਾਂ ਹੀ ਮੋਹਰੀ ਭੂਮਿਕਾ ਅਦਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਨੂੰ ਕਈ ਮਹਾਂ-ਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਨੇ ਇਸ ਧਰਤੀ ਤੇ ਗੁਰਬਾਣੀ ਦੇ ਪਸਾਰ ਤੇ ਪ੍ਰਸਾਰ ਲਈ ਵੱਡੀ ਘਾਲਣਾ ਘਾਲੀ। ਇਹ ਧਰਤੀ ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਵੱਲੋਂ ਜੁਲਮ ਖਿਲਾਫ ਦਿੱਤੀ ਲਾਸਾਨੀ ਸ਼ਹਾਦਤ ਨਾਲ ਜੁੜੀ ਹੋਈ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿਲਪ੍ਰੀਤ ਸਿੰਘ ਭੱਟੀ, ਰਾਜਿੰਦਰ ਸਿੰਘ ਜਖਵਾਲੀ, ਜਸਦੀਪ ਸਿੰਘ, ਅਮਨਪ੍ਰੀਤ ਸਿੰਘ ਪਟਵਾਰੀ, ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ ਨਤਮਸਤਕ ਹੋ ਕੇ ਸੱਚ ਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।