ਮਾਲੇਰਕੋਟਲਾ : ਪਿਛਲੇ ਦਿਨੀ ਐਨ.ਆਈ.ਏ ਵੱਲੋਂ ਪੰਜਾਬ ਅੰਦਰ ਕਿਸਾਨ ਆਗੂਆਂ, ਲੋਕ ਪੱਖੀ ਬੁੱਧੀਜੀਵੀਆਂ ਤੇ ਵਕੀਲਾਂ ਦੇ ਘਰਾਂ ਉੱਪਰ ਛਾਪੇਮਾਰੀ ਕਰਨ ਦੇ ਵਿਰੋਧ ਵਿੱਚ ਅੱਜ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਮਲੇਰਕੋਟਲਾ ਵਿਖੇ ਪ੍ਰਦਰਸ਼ਨ ਕੀਤਾ ਗਿਆ ਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਨ ਸਿੰਘ ਸੱਦੋਪੁਰ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਕਿਹਾ ਕੀ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਵਧ ਰਹੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਘਬਰਾਈ ਹੋਈ ਹੈ ਅਤੇ ਦਿੱਲੀ ਮੋਰਚਾ ਜਿੱਤਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਨਤਕ ਜਮਹੂਰੀ ਆਗੂਆਂ, ਬੁੱਧੀਜੀਵੀਆਂ ਨੂੰ ਨਿਸ਼ਾਨੇ ਉੱਪਰ ਲੈ ਰਹੀ ਹੈ। ਇਸੇ ਕੜੀ ਤਹਿਤ ਪਿਛਲੇ ਦਿਨੀ ਪੰਜਾਬ ਅੰਦਰ ਕਿਸਾਨ ਆਗੂਆਂ ਲੋਕ, ਪੱਖੀ ਵਕੀਲਾਂ ਅਤੇ ਬੁੱਧੀਜੀਵੀਆਂ ਦੇ ਘਰਾਂ ਵਿੱਚ ਐਨ ਆਈ ਏ ਵੱਲੋਂ ਦਹਿਸ਼ਤ ਪਾਉਣ ਦੇ ਮਕਸਦ ਨਾਲ ਛਾਪੇਮਾਰੀ ਕੀਤੀ ਗਈ ਸੀ। ਆਗੂਆਂ ਕਿਹਾ ਕਿ ਐਨ ਆਈ ਏ ਦੀ ਟੀਮ ਜਿਸ ਅਖੌਤੀ ਐਫ.ਆਈ.ਆਰ ਜੋ ਇਲਾਹਾਬਾਦ ਵਿੱਚ ਦਰਜ ਹੋਈ ਹੈ ਦੇ ਆਧਾਰ ਤੇ ਪੰਜਾਬ ਵਿੱਚ ਛਾਪੇਮਾਰੀ ਕਰ ਰਹੀ ਹੈ ਉਸ ਐਫ.ਆਈ.ਆਰ ਵਿੱਚ ਇਨਾ ਆਗੂਆਂ, ਬੁੱਧੀਜੀਵੀਆਂ ਦਾ ਕੋਈ ਜਿਕਰ ਨਹੀਂ ਹੈ। ਬਲਕਿ ਐਨ.ਆਈ.ਏ ਇੱਕ ਅਖੌਤੀ ਬਿਰਤਾਂਤ ਸਿਰਜ ਕੇ ਇਹਨਾਂ ਆਗੂਆਂ ਨੂੰ ਝੂਠੇ ਮਾਮਲੇ ਵਿੱਚ ਉਲਝਾਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਦੀਪ ਕੌਰ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਅੰਦਰ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੋਦੀ ਹਕੂਮਤ ਵੱਲੋਂ ਜਬਾਨਬੰਦੀ ਕਰਨ ਲਈ ਐਨ.ਆਈ.ਏ ਰਾਹੀਂ ਰਾਜਨੀਤਿਕ ਬੁੱਧੀਜੀਵੀਆਂ, ਵਕੀਲਾਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਦੇ ਘਰਾਂ ਦੇ ਛਾਪੇਮਾਰੀ ਕਰਨਾ ਅਤੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਬੰਦ ਕੀਤਾ ਜਾਵੇ। ਐਡਵੋਕੇਟ ਅਜੇ ਸਿੰਗਲ ਸਮੇਤ ਗ੍ਰਿਫਤਾਰ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਜਿਹੜੇ ਵਿਅਕਤੀਆਂ ਨੂੰ ਨੋਟਿਸ ਕੱਢੇ ਗਏ ਹਨ ਉਹ ਨੋਟਿਸ ਰੱਦ ਕੀਤੇ ਜਾਣ। ਐਨ.ਆਈ.ਏ ਨੂੰ ਤੁਰੰਤ ਖਤਮ ਕੀਤਾ ਜਾਵੇ। ਕੇਂਦਰੀ ਏਜੰਸੀਆਂ ਵੱਲੋਂ ਸੂਬਿਆਂ ਦੀ ਇਜਾਜ਼ਤ ਬਿਨਾਂ ਦਖਲ ਅੰਦਾਜੀ ਬੰਦ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਮੇਲ ਸਿੰਘ ਸੱਦੋਪੁਰ, ਪ੍ਰਦੀਪ ਸਿੰਘ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਹਰੀ ਰਾਮ ਸਿੰਘ, ਪਰਮਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਾਜਦੀਪ ਸਿੰਘ, ਆਕਾਸ਼ਦੀਪ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਜਗਦੇਵ ਸਿੰਘ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।