ਸੁਨਾਮ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਨਿੱਚਰਵਾਰ ਨੂੰ ਸੁਨਾਮ ਵਿਖੇ ਸਰਹਿੰਦ ਚੋਅ ਦੇ ਨਾਲ ਨਵੇਂ ਬਣਾਏ ਗਏ ਵਾਕਿੰਗ ਟਰੈਕ ਦੇ ਕੀਤੇ ਉਦਘਾਟਨੀ ਪੱਥਰ ਉੱਪਰ ਸ਼ਹੀਦ ਊਧਮ ਸਿੰਘ ਨੂੰ ਮੁੱਢੋਂ ਵਿਸਾਰ ਦਿੱਤਾ ਗਿਆ ਹੈ ਜਿਸਤੋਂ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਦੇ ਮੈਂਬਰ ਖ਼ਫ਼ਾ ਦਿਖਾਈ ਦੇ ਰਹੇ ਹਨ, ਉਂਜ ਉਨ੍ਹਾਂ ਲੋਕਾਂ ਲਈ ਸ਼ੈਰ ਕਰਨ ਵਾਸਤੇ ਕੀਤੇ ਕਾਰਜ਼ ਦੀ ਸਰਾਹਨਾ ਕੀਤੀ ਹੈ। ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਦੇ ਪ੍ਰਧਾਨ ਕੇਸਰ ਸਿੰਘ ਢੋਟ, ਸਰਪ੍ਰਸਤ ਜੰਗੀਰ ਸਿੰਘ ਰਤਨ, ਹਰਦਿਆਲ ਸਿੰਘ ਕੰਬੋਜ ਅਤੇ ਭੋਲਾ ਸਿੰਘ ਸੰਗਰਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਸਾਰੇ ਸਰਕਾਰੀ ਅਦਾਰਿਆਂ ਵਿੱਚ ਸ਼ਹੀਦ ਊਧਮ ਸਿੰਘ ਲਿਖਿਆ ਜਾ ਰਿਹਾ ਹੈ ਲੇਕਿਨ ਵਾਕਿੰਗ ਟਰੈਕ ਦੇ ਉਦਘਾਟਨੀ ਪੱਥਰ ਤੋਂ ਸ਼ਹੀਦ ਊਧਮ ਸਿੰਘ ਨੂੰ ਵਿਸਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਕਤ ਪੱਥਰ ਤੇ ਸੁਨਾਮ ਦੇ ਨਾਲ ਊਧਮ ਸਿੰਘ ਵਾਲਾ ਲਿਖਵਾਉਣ ਨੂੰ ਯਕੀਨੀ ਬਣਾਵੇ। ਵਾਕਿੰਗ ਟਰੈਕ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਮੁੱਖ ਸੜਕਾਂ ਦੇ ਆਲੇ ਦੁਆਲੇ ਸੈਰ ਕਰਨ ਵਾਲੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਕੋਈ ਅਜਿਹਾ ਪ੍ਰੋਜੈਕਟ ਬਣਾਇਆ ਜਾਵੇ ਜਿਥੇ ਲੋਕ ਬੇਫ਼ਿਕਰ ਹੋ ਕੇ ਖੁਸ਼ਗਵਾਰ ਮਾਹੌਲ ਵਿੱਚ ਸੈਰ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਇਸ ਵਾਕਿੰਗ ਟਰੈਕ ਦੀ ਲੰਬਾਈ 1300 ਮੀਟਰ ਤੇ ਚੌੜਾਈ 8 ਫੁੱਟ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਦੌਰਾਨ ਲੋਕਾਂ ਦੀ ਸੁਵਿਧਾ ਲਈ ਹੋਰ ਸਹੂਲਤਾਂ ਵੀ ਯਕੀਨੀ ਬਣਾਈਆਂ ਜਾਣਗੀਆਂ। ਵਾਕਿੰਗ ਟਰੈਕ ਦਾ ਲਾਭ ਲੈਣ ਵਾਲੇ ਲੋਕਾਂ ਦੀ ਸੁਵਿਧਾ ਲਈ ਇੱਥੇ ਬੈਠਣ ਦੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ ਹਰਿਆਲੀ ਭਰਪੂਰ ਵਾਤਾਵਰਣ ਸਿਰਜਣ ਲਈ 3700 ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਸੈਰ ਕਰਨ ਵਾਲੇ ਕੁਦਰਤ ਨਾਲ ਵੀ ਸਾਂਝ ਪਾ ਸਕਣ। ਇਸ ਮੌਕੇ ਆਸ਼ਾ ਬਜਾਜ, ਗੁਰਤੇਗ ਸਿੰਘ ਨਿੱਕਾ, ਚਮਕੌਰ ਹਾਂਡਾ, ਹਰਪਾਲ ਸਿੰਘ ਹਾਂਡਾ, ਹਰਮੇਸ਼ ਸਿੰਘ ਪੱਪੀ, ਮੁਨੀਸ਼ ਕੁਮਾਰ ਸੋਨੀ, ਸਾਹਿਬ ਸਿੰਘ, ਮਨੀ ਸਰਾਓ, ਅਮਰੀਕ ਸਿੰਘ ਧਾਲੀਵਾਲ, ਰਾਜਨ ਸਿੰਗਲਾ, ਮਨਪ੍ਰੀਤ ਬਾਂਸਲ, ਰਵੀ ਕਮਲ ਗੋਇਲ, ਰਿੰਪੀ ਥਿੰਦ ਵੀ ਹਾਜ਼ਰ ਸਨ।