ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਸਭਾ ਮੈਂਬਰਾਂ ਦਾ ਸਨਮਾਨ
ਫ਼ਤਹਿਗੜ੍ਹ ਸਾਹਿਬ : ਸਹਿਕਾਰੀ ਸਭਾ ਇੱਕ ਅਜਿਹਾ ਅਦਾਰਾ ਹੈ ਜੋ ਕਿ ਕਿਸਾਨਾਂ ਦੀ ਹਰੇਕ ਤਰ੍ਹਾਂ ਨਾਲ ਸਹਾਇਤਾ ਕਰਨ ਲਈ ਬਣਾਇਆ ਗਿਆ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਸਹਿਕਾਰੀ ਸੰਸਥਾਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਇਸ ਲਈ ਇਹਨਾਂ ਅਦਾਰਿਆਂ ਨੂੰ ਮਜ਼ਬੂਤ ਕਰਨਾ ਅਤਿ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ "ਦਿ ਖਰੇ ਬਹੁ-ਮੰਤਵੀ ਸਹਿਕਾਰੀ ਸਭਾ" ਦੀ ਸਰਬ-ਸੰਮਤੀ ਨਾਲ ਹੋਈ ਚੋਣ ਉਪਰੰਤ ਸਭਾ ਮੈਂਬਰਾਂ ਦਾ ਸਨਮਾਨ ਕਰਨ ਮੌਕੇ ਕੀਤਾ। ਇਸ ਸਭਾ ਦੀ ਚੋਣ ਪੂਰਨ ਆਜ਼ਾਦਾਨਾ ਢੰਗ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਕਿਸਾਨਾਂ ਆਪਣੀਆਂ ਰੋਜ਼ਾਨਾਂ ਦੀਆਂ ਲੋੜਾਂ ਸਹਿਜੇ ਹੀ ਪੂਰੀਆਂ ਕਰ ਸਕਦੇ ਹਨ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸਹਿਕਾਰੀ ਸਭਾਵਾਂ ਨਾਲ ਜੁੜਨ। ਵਿਧਾਇਕ ਐਡਵੋਕੇਟ ਰਾਏ ਨੇ ਕਿਹਾ ਕਿ ਖੇਤੀ ਵਿੱਚ ਆਈਆਂ ਨਵੀਂਆਂ ਆਧੁਨਿਕ ਮਸ਼ੀਨਾਂ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਬਹੁਤ ਘੱਟ ਕਿਰਾਏ ਦੀ ਦਰ 'ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜੋ ਕਿ ਉਨ੍ਹਾਂ ਕਿਸਾਨਾਂ ਲਈ ਬਹੁਤ ਲਾਭਦਾਇਕ ਹੈ ਜੋ ਕਿ ਮਸ਼ੀਨਾਂ ਖਰੀਦਣ ਦੇ ਸਮਰੱਥ ਨਹੀਂ ਹੁੰਦੇ।
ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਬੀਜ, ਖਾਦਾਂ, ਡੀਜ਼ਲ ਤੇ ਹੋਰ ਖੇਤੀ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ। ਕਿਸਾਨਾਂ ਨੂੰ ਖੇਤੀ ਲਈ ਕਰਜ਼ੇ ਵੀ ਘੱਟ ਵਿਆਜ ਦਰ 'ਤੇ ਮੁਹੱਈਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵੇਖਿਆ ਜਾਵੇ ਤਾਂ ਕਿਸਾਨਾਂ ਦਾ ਸਹਿਕਾਰੀ ਸਭਾਵਾਂ ਨਾਲ ਰਿਸ਼ਤਾ ਅਟੁਟ ਹੁੰਦਾ ਹੈ। "ਦਿ ਖਰੇ ਬਹੁ-ਮੰਤਵੀ ਸਹਿਕਾਰੀ ਸਭਾ" ਦੀ ਅੱਜ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਰਾਜਵਿੰਦਰ ਸਿੰਘ ਲਾਡੀ ਨੂੰ ਪ੍ਰਧਾਨ, ਭਗਵੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵੀਰ ਰਾਏ ਨੂੰ ਮੀਤ ਪ੍ਰਧਾਨ, ਰਾਮ ਸਿੰਘ ਸਿੱਧਵਾਂ ਨੂੰ ਮੀਤ ਪ੍ਰਧਾਨ ਚੁਣਿਆਂ ਗਿਆ। ਜਦੋਂ ਕਿ ਸੁਖਵਿੰਦਰ ਸਿੰਘ, ਬਲਜਿੰਦਰ ਕੌਰ, ਕੁਲਵਿੰਦਰ ਕੌਰ, ਜਗਤਾਰ ਸਿੰਘ ਤੇ ਹਰਦੀਪ ਸਿੰਘ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ। "ਬਹੁ ਮੰਤਵੀ ਸਹਿਕਾਰੀ ਸਭਾ ਖਰੇ" ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਿਧਾਇਕ ਰਾਏ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਹਰੇਕ ਕਿਸਾਨ ਤੱਕ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ 'ਤੇ ਤਨਦੇਹੀ ਨਾਲ ਅਦਾ ਕੀਤਾ ਜਾਵੇ।