ਮਾਲੇਰਕੋਟਲਾ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਨਸ਼ਨਰਜ਼ ਅਤੇ ਮੁਲਾਜ਼ਮ ਸਾਂਝਾ ਫਰੰਟ ਦੇ 18 ਆਗੂਆਂ ’ਤੇ ਕੀਤੇ ਪਰਚੇ (ਐਫ.ਆਈ.ਆਰ.) ਰੱਦ ਕਰਵਾਉਣ ਲਈ ਅੱਜ ਮਿਤੀ ਪੈਨਸ਼ਨਰਜ਼ ਐਸੋਸੀਏਸ਼ਨ ਡਵੀਜ਼ਨ ਮਾਲੇਰਕੋਟਲਾ ਵੱਲੋਂ ਸਾਥੀ ਪ੍ਰਧਾਨ ਜਰਨੈਲ ਸਿੰਘ ਪੰਜਗਰਾਈਆਂ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਾਥੀ ਪਰਮਜੀਤ ਸ਼ਰਮਾ ਸਕੱਤਰ ਮੰਡਲ ਮਾਲੇਰਕੋਟਲਾ ਨੇ ਦੱਸਿਆ ਕਿ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਰਬ ਸਾਥੀ ਪਿਆਰਾ ਲਾਲ ਪ੍ਰਧਾਨ ਸਰਕਲ ਬਰਨਾਲਾ, ਸਾਥੀ ਗੋਬਿੰਦ ਕਾਂਤ ਝਾਅ, ਸਕੱਤਰ ਪਰਮਜੀਤ ਸ਼ਰਮਾ, ਮਿਰਜ਼ਾ ਸਿੰਘ, ਇਕਬਾਲ ਸਿੰਘ ਫਰਵਾਲੀ, ਰਾਮ ਸਿੰਘ ਲਸੋਈ, ਬਲਦੇਵ ਸਿੰਘ, ਬਸ਼ੀਰ ਉੱਲ ਹੱਕ, ਅਵਿਨਾਸ਼ ਚੋਪੜਾ, ਬਲਵੀਰ ਸਿੰਘ, ਅਨਵਾਰ ਅਹਿਮਦ, ਹਰਮਿੰਦਰ ਕੁਮਾਰ ਭਾਰਦਵਾਜ, ਵਰਿੰਦਰ ਪੈਕਾ, ਹਰਬੰਸ ਲਾਲ, ਭਜਨ ਸਿੰਘ ਨੇ ਮੁੱਖ ਮੰਤਰੀ ਪੰਜਾਬ ਵਲੋਂ ਵਾਰ-ਵਾਰ ਮੀਟਿੰਗਾਂ ਬੁਲਾ ਕੇ ਰੱਦ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਜੇਕਰ 10 ਸਤੰਬਰ 2024 ਦੀ ਮੀਟਿੰਗ ਵਿੱਚ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਸਾਂਝੇ ਫਰੰਟ ਵੱਲੋਂ ਉਲੀਕੇ ਸੰਘਰਸ਼ ਵਿੱਚ ਵਧ ਚੜ੍ਹ ਕੇ ਭਾਗ ਪਿਆ ਜਾਵੇਗਾ। ਸਾਥੀਆਂ ਨੇ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਦਸੰਬਰ 2015 ਤੱਕ ਰਿਟਾਇਰ ਹੋਏ ਪੈਨਸ਼ਨਰਾਂ ’ਤੇ 2.45 ਦੀ ਬਜਾਏ 2.59 ਦਾ ਸਕੇਲ ਲਾਗੂ ਕੀਤਾ ਜਾਵੇ, ਡੀ.ਏ. ਦੀ 12 ਪ੍ਰਤੀਸ਼ਤ ਕਿਸ਼ਤ ਲਾਗੂ ਕੀਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ, ਸਕੇਲਾਂ ਦਾ ਸਾਢੇ ਪੰਜ ਸਾਲ ਦਾ ਬਕਾਇਆ ਦਿੱਤਾ ਜਾਵੇ, ਮੈਡੀਕਲ ਕੈਸ਼ਲੈੱਸ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਆਂਗਣਵਾੜੀ ਆਸ਼ਾ ਵਰਕਰਜ਼, ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਡੀ.ਸੀ. ਰੇਟ ’ਤੇ ਪੱਕੇ ਕੀਤਾ ਜਾਵੇ। ਬੁਲਾਰਿਆਂ ਨੇ ਮੰਗ ਕੀਤੀ ਕਿ ਬਿਜਲੀ ਕਾਮਿਆਂ ’ਤੇ ਲਗਾਇਆ ਐਸਮਾ ਕਾਨੂੰਨ ਰੱਦ ਕੀਤਾ ਜਾਵੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਰਜ ਕੀਤੀ ਐਫ.ਆਈ.ਆਰ. ਰੱਦ ਕੀਤੀ ਜਾਵੇ। ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਸੰਘਰਸ਼ ਪੰਜਾਬ ਵੱਲੋਂ ਜੋ ਸੰਘਰਸ਼ ਉਲੀਕੇ ਜਾਣਗੇ ਮੰਡਲ ਮਾਲੇਰਕੋਟਲਾ ਦੇ ਸਾਥੀ ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਮਿਤੀ 25 ਸਤੰਬਰ 2024 ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਪੀ.ਐਸ.ਪੀ.ਸੀ.ਐਲ. ਵੱਲੋਂ ਜੋ ਧਰਨਾ ਪ੍ਰਦਰਸ਼ਨ ਪਟਿਆਲਾ ਵਿਖੇ ਹੋਣਾ ਹੈ ਉਸ ਵਿੱਚ ਵੀ ਸਾਥੀ ਵੱਡੀ ਗਿਣਤੀ ਵਿੱਚ ਭਾਗ ਲੈਣਗੇ।