ਸੁਨਾਮ : ਮਨਰੇਗਾ ਦੇ ਕੰਮ ਦੀ ਵੰਡ ਵਿੱਚ ਕੀਤੇ ਜਾ ਵਿਤਕਰੇ ਤੋਂ ਖਫਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਇਕੱਠੇ ਹੋਏ ਮਜ਼ਦੂਰਾਂ ਨੇ ਸੋਮਵਾਰ ਨੂੰ ਸੁਨਾਮ ਵਿਖੇ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਦੇਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਖਡਿਆਲ ਦੇ ਮਨਰੇਗਾ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਬੇਇਨਸ਼ਾਫੀ ਨੂੰ ਰੋਕਕੇ ਨਵੇਂ ਜਾਬ ਕਾਰਡ ਬਣਾਏ ਜਾਣ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨਮੋਲ, ਜ਼ਿਲ੍ਹਾ ਆਗੂ ਜਰਨੈਲ ਸਿੰਘ ਅਤੇ ਜੱਗੀ ਸਿੰਘ ਨੇ ਕਿਹਾ ਕਿ ਸੌ ਦਿਨ ਦੇ ਰੁਜ਼ਗਾਰ ਦੇਣ ਸਬੰਧੀ ਮਨਰੇਗਾ ਦਾ ਕਾਨੂੰਨ ਬਣਿਆ ਹੋਇਆ ਹੈ ਲੇਕਿਨ ਇਸ ਕਾਨੂੰਨੀ ਹੱਕ ਤੋਂ ਵੀ ਮਨਰੇਗਾ ਕਾਮਿਆਂ ਨੂੰ ਵਾਂਝੇ ਰੱਖਿਆ ਜਾ ਰਿਹਾ ਹੈ। ਮਨਰੇਗਾ ਕਾਨੂੰਨ ਦੀਆਂ ਕਥਿਤ ਤੌਰ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਖਡਿਆਲ ਦੇ ਕੁੱਝ ਮਨਰੇਗਾ ਮਜਦੂਰਾਂ ਨੂੰ ਪਿਛਲੇ 3-4 ਸਾਲਾਂ ਤੋਂ ਕੰਮ ਹੀ ਨਹੀਂ ਦਿੱਤਾ ਗਿਆ, ਜੋ ਮਜ਼ਦੂਰ ਕੰਮ ਕਰਨ ਜਾਂਦੇ ਹਨ, ਉਨ੍ਹਾਂ ਤੋਂ ਵੀ ਲਾਲਚ ਦੇਕੇ ਆਪਣੇ ਨਿੱਜੀ ਖੇਤਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ। ਜਿਹੜੇ ਮਜ਼ਦੂਰ ਆਵਾਜ਼ ਬੁਲੰਦ ਕਰਦੇ ਹਨ ਉਨ੍ਹਾਂ ਨੂੰ ਜਾਣ ਬੁੱਝਕੇ ਕੰਮ ਨਹੀਂ ਦਿੱਤਾ ਜਾਂਦਾ। ਮਜ਼ਦੂਰ ਆਗੂਆਂ ਨੇ ਕਿਹਾ ਕਿ ਅਜੇ ਤੱਕ ਵੀ ਬਹੁਤ ਸਾਰੇ ਲੋਕਾਂ ਦੇ ਨਵੇਂ ਜਾਬ ਕਾਰਡ ਨਹੀਂ ਬਣਾਏ ਗਏ। ਅਜਿਹੇ ਵਰਤਾਰੇ ਕਾਰਨ ਮਨਰੇਗਾ ਮਜ਼ਦੂਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਬੀਡੀਪੀਓ ਨੂੰ ਮੰਗ ਪੱਤਰ ਸੌਂਪਿਆ। ਇਸੇ ਦੌਰਾਨ ਬੀ.ਡੀ.ਪੀ.ਓ ਸੰਜੀਵ ਕੁਮਾਰ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ 10 ਦਿਨ ਦੇ ਅੰਦਰ-ਅੰਦਰ ਮਸਲੇ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਕਰਕੇ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਮਗਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇਗਾ ਅਤੇ ਨਵੇਂ ਜੋਬ ਕਾਰਡ ਬਣਾ ਕੇ ਦਿੱਤੇ ਜਾਣਗੇ। ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਤੇ ਪੂਰਨ ਸਹਿਮਤੀ ਦੇਣ ਤੋਂ ਬਾਅਦ ਜਥੇਬੰਦੀ ਵੱਲੋਂ ਧਰਨੇ ਦੀ ਸਮਾਪਤ ਕਰ ਦਿੱਤਾ ਗਿਆ ਇਸ ਮੌਕੇ ਗੁਰਬਾਜ ਸਿੰਘ, ਬਿੱਲੂ ਸਿੰਘ, ਮਨਜੀਤ ਕੌਰ, ਰਾਜ ਕੌਰ, ਗੁਰਦੇਵ ਸਿੰਘ ਆਦਿ ਤੋਂ ਇਲਾਵਾ ਹੋਰ ਮਜ਼ਦੂਰ ਹਾਜ਼ਰ ਸਨ।