ਸੁਨਾਮ : ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਅਤੇ ਬਿਜਲੀ ਵਿਭਾਗ ਦੀਆਂ ਪੈਨਸ਼ਨਰ ਜਥੇਬੰਦੀਆਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਮੰਗਲਵਾਰ ਨੂੰ ਸੁਨਾਮ ਵਿਖੇ ਐਸਡੀਐਮ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਨੂੰ ਮੰਗਾਂ ਸਬੰਧੀ 10 ਸਤੰਬਰ ਦੀ ਤਾਰੀਖ ਦਿਤੀ ਸੀ ਲੇਕਿਨ ਇੱਕ ਦਿਨ ਪਹਿਲਾਂ ਰੱਦ ਕਰ ਦਿੱਤੀ। ਮੀਟਿੰਗ ਦਾ ਸਮਾਂ ਦੇਕੇ ਨਾ ਕੀਤੀ ਜਾਣ ਵਾਲੀ ਇਹ ਅੱਠਵੀਂ ਮੀਟਿੰਗ ਰੱਦ ਕੀਤੀ ਗਈ ਹੈ।ਜਿਸ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਐਸ ਡੀ ਐਮ ਦਫਤਰ ਸਾਹਮਣੇ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜੀਤ ਸਿੰਘ ਬੰਗਾ,ਭੁਪਿੰਦਰ ਸਿੰਘ ਛਾਜਲੀ,ਸੋਮ ਸਿੰਘ,ਬਲਵਿੰਦਰ ਸਿੰਘ ਜ਼ਿਲੇਦਾਰ, ਪਵਨ ਕੁਮਾਰ ਸਰਮਾਂ,ਸੁਰਿੰਦਰ ਸਿੰਘ,ਅਮਰੀਕ ਸਿੰਘ ਉਗਰਾਹਾਂ, ਰਣਜੀਤ ਸਿੰਘ ਛਾਜਲਾ, ਜਗਦੇਵ ਸਿੰਘ ਬਾਹੀਆ,ਕੇਹਰ ਸਿੰਘ ਜੋਸ਼ਨ ਨੇ ਭਗਵੰਤ ਮਾਨ ਨੂੰ ਗੱਪੀ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਗੁੰਮਰਾਹ ਕੀਤਾ ਜਾ ਰਿਹਾ ਹੈ, ਅਖ਼ੌਤੀ ਇਨਕਲਾਬੀ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਰਿਹਾ ਹੈ। ਪੰਜਾਬ ਦੀ ਜਨਤਾ ਇਸ ਮੁੱਖ ਮੰਤਰੀ ਨੂੰ ਚੰਗੀ ਤਰਾਂ ਸਮਝ ਚੁੱਕੀ ਹੈ।ਭਵਿੱਖ ਵਿੱਚ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ ਬੇਸ਼ੱਕ ਕੋਈ ਵੱਡਾ ਸੰਘਰਸ਼ ਵਿੱਢਣਾ ਪਵੇ। ਬੁਲਾਰਿਆਂ ਨੇ ਇਹ ਵੀ ਕਿਹਾ ਇਸ ਨਾਲੋਂ ਤਾਂ ਪਹਿਲੇ ਮੁੱਖ ਮੰਤਰੀ ਚੰਗੇ ਸਨ ਜਿਹੜੇ ਜਥੇਬੰਦੀਆਂ ਦੀ ਗੱਲ ਸੁਣਦੇ ਸਨ।ਆਖਿਰ ਵਿੱਚ ਰਾਮ ਸਰੂਪ ਢੈਪਈ ਪ੍ਰਧਾਨ ਵੱਲੋਂ ਰੈਲੀ ਵਿੱਚ ਪੁੱਜੇ ਸਾਥੀਆਂ ਦਾ ਧੰਨਵਾਦ ਕਰਦਿਆਂ ਅਗਲੇ ਸੰਘਰਸਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।