ਮਾਨਸਾ : ਗੌਰਮਿੰਟ ਡੀ.ਪੀ.ਈ./ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ ਦੀ ਅਗਵਾਈ ਹੇਠ ਇੱਥੇ ਬਾਲ ਭਵਨ ਵਿੱਚ ਇਕੱਤਰਤਾ ਕਰਕੇ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ ਅਤੇ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਬਣਾਉਣ ਦੀ ਮੰਗ ਕੀਤੀ ਗਈ। ਜਥੇਬੰਦੀ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਕੀਤੀ ਕਿ ਸਰੀਰਕ ਸਿੱਖਿਆ ਵਿਸ਼ੇ ਨੂੰ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ ਅਤੇ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਸਰੀਰਕ ਸਿੱਖਿਆ ਵਿਸ਼ੇ ਦੇ ਛੇ–ਛੇ ਪੀਰੀਅਡ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਤੋਂ ਬਾਅਦ ਵਿਦਿਆਰਥੀ ਸਭ ਤੋਂ ਵੱਧ ਤਰਜੀਹ ਸਰੀਰਕ ਸਿੱਖਿਆ ਵਿਸ਼ੇ ਨੂੰ ਦਿੰਦੇ ਹਨ, ਪਰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਸਰੀਰਕ ਸਿੱਖਿਆ ਲੈਕਚਰਾਰਾਂ ਦੀਆਂ ਅਸਾਮੀਆਂ ਬਹੁਤ ਘੱਟ ਹਨ, ਇਸ ਲਈ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਸਰੀਰਕ ਸਿੱਖਿਆ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਡੀਪੀਈ ਅਧਿਆਪਕਾਂ ਨੂੰ ਬਦਲੀ ਕਰਵਾਉਣ ਲਈ ਵਿਸ਼ੇਸ਼ ਮੌਕਾ ਦੇ ਕੇ ਡੀਪੀਈ ਅਧਿਆਪਕਾਂ ਦੀਆਂ ਪ੍ਰਵਾਨਿਤ ਅਸਾਮੀਆਂ ਵਾਲੇ ਸਾਰੇ ਸਟੇਸ਼ਨ ਬਦਲੀ ਲਈ ਪੋਰਟਲ 'ਤੇ ਖੇਲ੍ਹੇ ਜਾਣ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ, ਸੂਬਾ ਪ੍ਰਧਾਨ ਗੁਰਦੀਪ ਸਿੰਘ ਬੁਰਜ ਹਰੀ, ਨਛੱਤਰ ਸਿੰਘ, ਕੁਲਵਿੰਦਰ ਸਿੰਘ, ਭਰਤ ਰਾਮ, ਗੁਰਵਿੰਦਰ ਸਿੰਘ, ਕਿਰਨਪਾਲ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਜਗਦੀਪ ਸਿੰਘ, ਰਾਜਵੀਰ ਸਿੰਘ, ਜਸਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।