ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਰਾਹੀਂ ਪਸ਼ੂ ਪਾਲਕਾਂ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਪਸ਼ੂ ਪਾਲਕਾਂ ਨੂੰ ਲਾਭ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਪਸ਼ੂ ਪਾਲਕਾਂ ਨੂੰ ਸਕੀਮਾਂ ਦਾ ਲਾਭ ਲੈਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਆਦੇਸ਼ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਰਵਿੰਦਰ ਸਿੰਘ ਨੇ ਬੱਚਤ ਭਵਨ ਵਿਖੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਦਿੱਤੇ ਕਿ ਵਿਭਾਗ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ, ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਦੌਰਾਨ ਕੋਲਡ ਚੇਨ ਸਹੀ ਮਾਤਰਾ ਵਿੱਚ ਸਮੇਂ ਸਿਰ ਟੀਕਾਕਰਨ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਸਲ ਸੁਧਾਰ ਤੇ ਗਾਵਾਂ ਵਿੱਚ ਮਾਦਾ ਦਰ ਘਟਾਉਣ ਲਈ 750/- ਰੁਪਏ ਦੀ ਸਬਸਿਡੀ ਤੇ ਉਪਲਬਧ ਸੈਕਸੈੱਡ ਸੀਮਨ ਦੀ ਵਰਤੋਂ ਵੀ ਵਧਾਈ ਜਾਵੇ।
ਡਿਪਟੀ ਡਾਇਰੈਕਟਰ ਨੇ ਸਮੂਹ ਫੀਲਡ ਸਟਾਫ ਨੂੰ ਕਿਹਾ ਕਿ ਗਰੀਬ ਲੋਕਾਂ ਨੂੰ ਸਰਕਾਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਹਸਪਤਾਲਾਂ ਵਿੱਚ ਹਾਜਰ ਰਹਿਣਾ ਯਕੀਨੀ ਬਣਾਇਆ ਜਾਵੇ ਅਤੇ ਆਪਣੇ ਫੋਨ ਨੰਬਰ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਲਿਖੇ ਜਾਣ ਤਾਂ ਜੋ ਪਸ਼ੁ ਪਾਲਕ ਇਨ੍ਹਾਂ ਨੰਬਰਾਂ ਰਾਹੀਂ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ। ਉਨ੍ਹਾਂ ਸਬ-ਡਵੀਜ਼ਨ ਪੱਧਰ ਤੇ ਅਧਿਕਾਰੀਆਂ ਨੂੰ ਆਮ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਨ ਵਾਸਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਵਿਭਾਗ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਬੱਕਰੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ ਦੇ ਕਿੱਤੇ ਸ਼ੁਰੂ ਕਰਨ ਵਾਸਤੇ ਦਿੱਤੀ ਜਾਂਦੀ ਟਰੇਨਿੰਗ ਤੇ ਬੈਂਕਾਂ ਰਾਹੀਂ ਦਿੱਤੇ ਜਾਣ ਵਾਲੇ ਕਰਜ਼ਿਆਂ ਬਾਰੇ ਜਮੀਨੀ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ। ਉਨ੍ਹਾਂ ਵਿਭਾਗ ਦੀ ਐਨ.ਐਲ.ਐਮ. ਦੀ ਵੈਬਸਾਈਟ ਸਬੰਧੀ ਨੌਜਵਾਨਾਂ ਨੂੰ ਜਾਣਕਾਰੀ ਦੇਣ ਦੀ ਹਦਾਇਤ ਵੀ ਕੀਤੀ।
ਮੀਟਿੰਗ ਵਿੱਚ ਸੀਨੀਅਰ ਵੈਟਰਨਰੀ ਅਫਸਰ ਖਮਾਣੋਂ ਡਾ: ਤ੍ਰਿਲੋਚਨ ਸਿੰਘ, ਡਾ: ਨਵਦੀਪ ਸ਼ਰਮਾ ਏ.ਡੀ.ਏ.ਪੀ., ਡਾ: ਗੁਲਜ਼ਾਰ ਮਤਾਣੀਆਂ ਏ.ਡੀ.ਏ.ਐਚ, ਸੀਨੀਅਰ ਵੈਟਰਨਰੀ ਅਫਸਰ ਫ਼ਤਹਿਗੜ੍ਹ ਸਾਹਿਬ ਡਾ: ਬਹਾਦਰ ਸਿੰਘ, ਸੀਨੀਅਰ ਵੈਟਰਨਰੀ ਅਫਸਰ ਅਮਲੋਹ ਡਾ: ਅਮਰੀਕ ਸਿੰਘ, ਸੀਨੀਅਰ ਵੈਟਰਨਰੀ ਅਫਸਰ ਬਸੀ ਪਠਾਣਾ ਡਾ: ਅਵਤਾਰ ਸਿੰਘ, ਸੁਪਰਡੈਂਟ ਗੁਰਬੰਤ ਸਿੰਘ, ਜਗਦੀਸ਼ ਸਿੰਘ, ਸੀਨੀਅਰ ਵੈਟਰਨਰੀ ਇੰਸਪੈਕਟਰ ਸਰਬਜੀਤ ਸਿੰਘ, ਸੀਨੀਅਰ ਵੈਟਰਨਰੀ ਇੰਸਪੈਕਟਰ ਅਮਲੋਹ ਅਜੇ ਕੁਮਾਰ, ਡੀ.ਵੀ.ਆਈ. ਜਗਦੀਸ਼ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਸਾਰੇ ਜਿਲ੍ਹੇ ਦੇ ਸਮੂਹ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਵੀ ਹਾਜਰ ਸਨ।