ਸੁਨਾਮ : ਅਗਰਵਾਲ ਸਭਾ ਸੁਨਾਮ ਦੇ ਵਫ਼ਦ ਨੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਅਤੇ ਪ੍ਰਸਿੱਧ ਉਦਯੋਗਪਤੀ ਨਵੀਨ ਜਿੰਦਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਦੌਰਾਨ ਸਭਾ ਦੇ ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ, ਪ੍ਰਧਾਨ ਈਸ਼ਵਰ ਗਰਗ, ਜਨਰਲ ਸਕੱਤਰ ਆਰ.ਐਨ.ਕਾਂਸਲ ਨੇ ਸੰਸਦ ਮੈਂਬਰ ਨਵੀਨ ਜਿੰਦਲ ਨਾਲ ਅਗਰਵਾਲ ਭਾਈਚਾਰੇ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ, ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨ ਅਤੇ ਅਗਰਵਾਲ ਭਾਈਚਾਰੇ ਨੂੰ ਸਿਆਸੀ ਤੌਰ ’ਤੇ ਨਜ਼ਰਅੰਦਾਜ਼ ਕਰਨ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਗਈ। ਨਾਲ ਹੀ ਸੁਨਾਮ ਅਗਰਵਾਲ ਸਭਾ ਦੀਆਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੰਸਦ ਮੈਂਬਰ ਨਵੀਨ ਜਿੰਦਲ ਨੇ ਸੁਨਾਮ ਅਗਰਵਾਲ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਸਭਾ ਨੂੰ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ। ਅਜਿਹੇ ਸਮੂਹਿਕ ਯਤਨ ਹੀ ਅਗਰਵਾਲ ਸਮਾਜ ਨੂੰ ਅੱਗੇ ਲੈ ਕੇ ਜਾਣਗੇ। ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ ਨੇ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਸੱਦਾ ਦਿੰਦੇ ਹੋਏ ਉਨ੍ਹਾਂ ਨੂੰ 5 ਅਕਤੂਬਰ ਨੂੰ ਸੁਨਾਮ ਵਿਖੇ ਮਹਾਰਾਜਾ ਅਗਰਸੇਨ ਜੀ ਦੇ ਰਾਜ ਪੱਧਰੀ ਜਨਮ ਦਿਵਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਸੱਦੇ ਨੂੰ ਪ੍ਰਵਾਨ ਕਰਦਿਆਂ ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਉਹ ਮਹਾਨ ਸ਼ਹੀਦ ਊਧਮ ਸਿੰਘ ਦੀ ਪਵਿੱਤਰ ਨਗਰੀ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਜ਼ਰੂਰ ਸ਼ਿਰਕਤ ਕਰਨਗੇ, ਇਸ ਮੌਕੇ ਨਿਰਮਲ ਜੈਨ, ਰਾਜਪਾਲ ਤੰਵਰ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੈਥਲ), ਨਰੇਸ਼ ਜੈਨ, ਸੰਜੀਵ ਡਾ. ਬਾਂਸਲ, ਅਜੇ ਗੋਇਲ, ਨਵਨੀਤ ਗੋਇਲ, ਮੋਤੀ ਲਾਲ ਬਾਂਸਲ, ਪੁਨੀਤ ਬਾਂਸਲ, ਰਾਘਵ ਬਾਂਸਲ, ਸ਼ੰਕਰ ਗੋਇਲ ਆਦਿ ਹਾਜ਼ਰ ਸਨ।