ਕੁਰਾਲੀ : ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸ਼ਨਤਾ, ਮਿਹਨਤ, ਲਗਨ ਅਤੇ ਭਾਈਚਾਰਕ ਸਾਂਝ ਵਰਗੇ ਗੁਣ ਸਿਖਾਉਂਦੀਆਂ ਹਨ ਅਤੇ ਪਿੰਡ ਪੱਧਰ ਤੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਰਾਜਨੀਤਿਕ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਹਨ। ਇਹ ਵਿਚਾਰ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੇ ਅੱਜ ਇੱਥੋਂ ਨੇੜਲੇ ਕਸਬੇ ਖਿਜਰਾਬਾਦ ਤੋਂ ਗੁਰਿੰਦਰ ਸਿੰਘ ਸਰਪੰਚ ਅਤੇ ਸਤਨਾਮ ਸਿੰਘ ਸੱਤਾ ਪ੍ਰਧਾਨ ਛਿੰਝ ਕਮੇਟੀ ਦੀ ਅਗਵਾਈ ਹੇਠਲੇ ਵਫ਼ਦ ਨਾਲ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰ ਸਿੰਘ ਸਰਪੰਚ ਅਤੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਇਤਿਹਾਸਕ ਕਸਬੇ ਖਿਜਰਾਬਾਦ ਵਿਖੇ ਸਦੀਆਂ ਤੋਂ ਕਰਵਾਈ ਜਾ ਰਹੀ ਸਾਲਾਨਾ ਦੋ ਵਾਰ ਛਿੰਝ ਇਸ ਵਾਰ 21 ਅਤੇ 22 ਸਤੰਬਰ ਨੂੰ ਕਰਵਾਈ ਜਾ ਰਹੀ ਹੈ ਅਤੇ ਇਸ ਸਬੰਧੀ ਅੱਜ ਉਨ੍ਹਾਂ ਵੱਲੋਂ ਪਿੰਡ ਦੇ ਮੋਹਤਬਰ ਬਲਜਿੰਦਰ ਸਿੰਘ ਭੇਲੀ, ਬਲਵੀਰ ਸਿੰਘ ਮੰਗੀ, ਨਿਰਲੇਪ ਸਿੰਘ, ਰੂਬੀ ਬਰਾੜ ਸਮੇਤ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਵਿਸੇਸ਼ ਤੌਰ ਤੇ ਮਿਲ ਕੇ ਸੱਦਾ ਪੱਤਰ ਦਿੱਤਾ ਗਿਆ ਹੈ। ਉਕਤ ਆਗੂਆਂ ਅਨੁਸਾਰ ਇਲਾਕੇ ਦੇ ਦੋਵੇਂ ਨੁਮਾਇੰਦਿਆਂ ਵੱਲੋਂ ਖਿਜਰਾਬਾਦ ਦੇ ਇਸ ਵਫ਼ਦ ਨੂੰ ਪੂਰਨ ਤੌਰ ਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਅਤੇ ਛਿੰਝ ਮੇਲੇ ਦੌਰਾਨ ਪਹੁੰਚਣ ਦਾ ਵਾਅਦਾ ਕੀਤਾ ਗਿਆ ਹੈ।