ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਫ਼ਤਹਿਗੜ੍ਹ ਸਾਹਿਬ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸੇ ਲੜੀ ਤਹਿਤ ਜ਼ਿਲ੍ਹੇ ਵਿਚਲੀਆਂ ਸੜਕਾਂ ਜਿਹੜੀਆਂ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਹਨ ਸਬੰਧੀ ਦਿੱਕਤਾਂ ਵੀ ਜਲਦ ਦੂਰ ਕੀਤੀਆਂ ਜਾਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ, ਸ਼੍ਰੀ ਸੁਰਿੰਦਰ ਵਾਲੀਆ ਨੇ ਦੱਸਿਆ ਕਿ ਸੜਕਾਂ ਦੀ ਕਾਇਆ ਕਲਪ ਕੀਤੇ ਜਾਣ ਲਈ ਕਾਰਵਾਈ ਜਾਰੀ ਹੈ ਤੇ ਜਲਦ ਹੀ ਅਮਲੀ ਰੂਪ ਵਿੱਚ ਇਹ ਕਾਰਜ ਪੂਰੇ ਹੁੰਦੇ ਨਜ਼ਰ ਆਉਣਗੇ।
ਇਸੇ ਦੌਰਾਨ ਐੱਸ.ਡੀ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਮੱਦੇਨਜ਼ਰ ਸਬੰਧਤ ਸੜਕਾਂ ਦੀ ਕਾਇਆ ਕਲਪ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੀ ਖੰਡਾ ਚੌਕ ਤੋਂ ਸਰਹਿੰਦ- ਚੰਡੀਗੜ੍ਹ ਬਾਇਪਾਸ ਤਕ ਦੀ ਸੜਕ ਦੀ ਕਾਇਆ ਕਲਪ ਵੀ ਜਲਦ ਕੀਤੀ ਜਾਵੇਗੀ। ਇਸ ਸਬੰਧੀ ਟੈਂਡਰ ਪ੍ਰਕਿਰਿਆ ਜਾਰੀ ਹੈ। ਇਸ ਦੇ ਨਾਲ ਹੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸੀਵਰੇਜ ਬੋਰਡ ਨਾਲ ਸਬੰਧਤ ਲੋੜੀਂਦੀ ਕਾਰਵਾਈ ਵੀ ਮੁਕੰਮਲ ਕੀਤੀ ਜਾ ਰਹੀ ਹੈ ਤਾਂ ਜੋ ਸੜਕ ਨਿਰਮਾਣ ਦੌਰਾਨ ਅਤੇ ਨਿਰਮਾਣ ਉਪਰੰਤ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਪਹਿਲਾਂ ਵੀ ਸੀਵਰੇਜ ਪ੍ਰੋਜੈਕਟ ਦੇ ਮੱਦੇਨਜ਼ਰ ਹੀ ਇਸ ਸੜਕ ਉੱਤੇ ਕੱਟ ਲਾਏ ਗਏ ਸਨ।