ਮਾਲੇਰਕੋਟਲਾ : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਏ.ਓ.ਜੇ.ਈ., ਗਰਿੱਡ ਸਟਾਫ਼ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਮੰਡਲ ਦਫ਼ਤਰ ਦੇ ਗੇਟ ’ਤੇ ਵਿਸ਼ਾਲ ਗੇਟ ਰੈਲੀ ਕੀਤੀ ਗਈ। ਇਹ ਗੇਟ ਰੈਲੀ ਤਿੰਨ ਦਿਨ ਦੀ ਸਮੂਹਿਕ ਛੁੱਟੀ ਦੇ ਤੀਸਰੇ ਦਿਨ ਕੀਤੀ ਗਈ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਆਗੂ/ਵਰਕਰ ਸ਼ਾਮਿਲ ਹੋਏ। ਇਸ ਗੇਟ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਰਣਜੀਤ ਸਿੰਘ ਰਾਣਵਾਂ ਕਨਵੀਨਰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਗੁਰਧਿਆਨ ਸਿੰਘ ਸੂਬਾ ਆਗੂ, ਭਰਪੂਰ ਸਿੰਘ ਬੁੱਲਾਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ’ਤੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 10 ਸਤੰਬਰ ਤੋਂ 12 ਸਤੰਬਰ ਤੱਕ ਦੀ ਸਮੂਹਿਕ ਛੁੱਟੀ ਹੁਣ 5 ਦਿਨ ਲਈ ਹੋਰ ਵਧਾ ਕੇ ਮਿਤੀ 17 ਸਤੰਬਰ ਤੱਕ ਕਰ ਦਿੱਤੀ ਗਈ ਹੈ। ਇਹ ਸਾਂਝਾ ਸੰਘਰਸ਼ ਮੁਲਾਜ਼ਮਾਂ ਦੀਆਂ ਵਾਜਿਬ ਮੰਗਾਂ/ਮਸਲਿਆਂ ਨੂੰ ਹੱਲ ਨਾ ਕਰਨ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਮੁੱਖ ਤੌਰ ’ਤੇ ਲਾਈਨਾਂ ’ਤੇ ਕੰਮ ਕਰਦੇ ਸਮੇਂ ਕਰੰਟ ਨਾਲ ਮੌਤ ਹੋਣ ’ਤੇ ਸ਼ਹੀਦ ਦਾ ਦਰਜਾ ਦੇਣ ਅਤੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਗਰਿੱਡਾਂ ’ਤੇ ਕੰਮ ਕਰਦੇ ਆਰ.ਟੀ.ਐਮ. ਦੀ ਤਰੱਕੀ ਵਿੱਚ ਆਈ ਖੜੌਤ ਦੂਰ ਕਰਕੇ ਏ.ਐਸ.ਐਸ.ਏ. ਦੀ ਤਰੱਕੀ ਕੀਤੀ ਜਾਵੇ ਅਤੇ ਸਹਾਇਕ ਲਾਈਨਮੈਨ ਤੋਂ ਲਾਈਨਮੈਨ ਬਣਾਏ ਜਾਣ, 23 ਸਾਲਾ ਤਰੱਕੀ ਸਕੇਲ ਦਾ ਮਿਲਾਨ ਅਗਲੀ ਤਰੱਕੀ ਦੀ ਥਾਂ ’ਤੇ ਤੀਜੀ ਤਰੱਕੀ ’ਤੇ ਕਰਨ ਬਾਰੇ, ਵਿੱਤ ਸਰਕੂਲਰ ਨੰਬਰ 24/2021 ਦੀ ਤਰਜ਼ ’ਤੇ ਓ.ਸੀ. ਨੂੰ ਬਣਦਾ ਪੇ-ਬੈਂਡ ਦਿੱਤਾ ਜਾਵੇ, ਸੀ.ਆਰ.ਏ. 295/19 ਅਧੀਨ ਭਰਤੀ ਹੋਏ ਕਰਮਚਾਰੀਆਂ ਵਿੱਚੋਂ ਰਹਿੰਦੇ ਕਰਮਚਾਰੀਆਂ ਨੂੰ ਪੂਰੇ ਸਕੇਲ ਵਿੱਚ ਤਨਖ਼ਾਹ ਰਿਲੀਜ਼ ਕੀਤੀ ਜਾਵੇ, ਸੀ.ਆਰ.ਏ. 249/04, 267/11, 281/13 ਆਦਿ ਰਾਹੀਂ ਭਰਤੀ ਹੋਏ ਲਾਈਨਮੈਨ/ਐਸ.ਐ.ਏ. ਕਰਮਚਾਰੀਆਂ ਨੂੰ ਕੰਟਰੈਕਟ ਸਮੇਂ ਦਾ ਲਾਭ ਸੀਨੀਆਰਤਾ/ਤਰੱਕੀ ਸਮੇਂ ਦਿੱਤਾ ਜਾਵੇ, ਵਰਕ ਲੋਡ ਅਨੁਸਾਰ ਨਵੀਂ ਰੈਗੂਲਰ ਭਰਤੀ ਕੀਤੀ ਜਾਵੇ। ਅੱਜ ਦੀ ਇਸ ਗੇਟ ਰੈਲੀ ਨੂੰ ਜਗਮੇਲ ਸਿਘ, ਨਰਿੰਦਰ ਕੁਮਾਰ, ਰਾਜਵੰਤ ਸਿੰਘ ਚੌਂਦਾ, ਜਸਵੀਰ ਸਿੰਘ, ਰਾਮ ਸਿੰਘ, ਜਸਵੀਰ ਸਿੰਘ ਧਾਲੀਵਾਲ, ਗੋਬਿੰਦ ਕਾਂਤ ਝਾਅ, ਰਾਜ ਕਮਲ ਖਾਂ, ਅਮਰਦੀਪ ਸਿੰਘ, ਜਰਨੈਲ ਸਿੰਘ, ਸਾਬਰ ਅਲੀ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਗਰੇਵਾਲ, ਅਵਤਾਰ ਸਿੰਘ, ਨਿਰਮਲ ਸਿੰਘ (ਏਕਤਾ ਉਗਰਾਹਾਂ), ਗੁਰਪ੍ਰੀਤ ਸਿੰਘ ਹਥਨ, ਕੇਵਲ ਸਿੰਘ ਭੜੀ, ਪਰਮੇਲ ਸਿੰਘ ਹਥਨ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ, ਗੁਰਜੰਟ ਸਿੰਘ ਤੇ ਜਰਨੈਲ ਸਿੰਘ ਪੰਨੂਆਂ ਪੈਨਸ਼ਨਰਜ਼ ਯੂਨੀਅਨ, ਸਰਬਜੀਤ ਸਿੰਘ ਭੁਰਥਲਾ ਏਕਤਾ ਉਗਰਾਹਾਂ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਮੁਹੰਮਦ ਇਕਬਾਲ ਨੇ ਨਿਭਾਈ।